ਲਖਨਊ, 13 ਸਤੰਬਰ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅੱਜ ਉੱਤਰ ਪ੍ਰਦੇਸ਼ ਦਾ ਪੰਜ ਦਿਨਾ ਦੌਰਾ ਖਤਮ ਕਰਨ ਮਗਰੋਂ ਦਿੱਲੀ ਰਵਾਨਾ ਹੋ ਗਈ ਹੈ। ਦੌਰੇ ਦੌਰਾਨ ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਲਗਾਤਾਰ ਕੰਮ ਕਰਨ ਦੀ ਅਪੀਲ ਕੀਤੀ। ਪੰਜ ਦਿਨਾ ਦੌਰਾ ਖਤਮ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਰਾਇਬਰੇਲੀ ਵਿੱਚ ਵਰਕਰਾਂ ਨੂੰ ਕਿਹਾ ਕਿ ਪਾਰਟੀ ਇਸ ਵਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਸਮੇਂ ਸਿਰ ਉਮੀਦਵਾਰਾਂ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੀ ਹੈ। ਉੱਤਰ ਪ੍ਰਦੇਸ਼ ’ਚ ਸਖ਼ਤ ਚੁਣੌਤੀ ਦਾ ਸਾਹਮਣਾ ਕਰ ਰਹੀ ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਨੇ ਵੀਰਵਾਰ ਨੂੰ ਸੂਬੇ ਦੀ ਰਾਜਧਾਨੀ ਲਖਨਊ ਤੋਂ ਆਪਣਾ ਦੌਰਾ ਸ਼ੁਰੂ ਕੀਤਾ ਸੀ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਪਿੰਡਾਂ ਤੇ ਕਸਬਿਆਂ ’ਚ 12 ਹਜ਼ਾਰ ਕਿਲੋਮੀਟਰ ਲੰਬੀ ਯਾਤਰਾ ਕਰਨ ਦਾ ਐਲਾਨ ਕੀਤਾ ਸੀ। ਇਹ ਫ਼ੈਸਲਾ ਪ੍ਰਿ੍ਅੰਕਾ ਗਾਂਧੀ ਦੀ ਅਗਵਾਈ ਹੇਠ ਹੋਈ ਇੱਕ ਬੈਠਕ ਵਿੱਚ ਲਿਆ ਗਿਆ ਸੀ, ਜਿਸ ਵਿੱਚ ਪਾਰਟੀ ਦੀ ਸਲਾਹਕਾਰ ਅਤੇ ਰਣਨੀਤੀ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ। ਸ਼ਨਿੱਚਰਵਾਰ ਨੂੰ ਪ੍ਰਿਅੰਕਾ ਨੇੇ ਲਖਨਊ ’ਚ ਪਾਰਟੀ ਦੇ ਅਹੁਦੇਦਾਰਾਂ ਨਾਲ ਬੈਠਕ ਕਰਦਿਆਂ ਕਿਹਾ ਸੀ ਕਿ ਅਗਲੇ ਸਾਲ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਸਬੰਧੀ ਉਨ੍ਹਾਂ ਦੇ ਵਿਚਾਰ ਅਹਿਮ ਹੋਣਗੇ। ਪ੍ਰਿਅੰਕਾ ਗਾਂਧੀ ਨੇ ਐਤਵਾਰ ਨੂੰ ਰਾਇਬਰੇਲੀ ਹਲਕੇ ਦਾ ਦੌਰਾ ਵੀ ਕੀਤਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਰਾਇਬਰੇਲੀ ਲੋਕ ਸਭਾ ਸੀਟ ਤੋਂ ਪਾਰਟੀ ਦੀ ਨੁਮਾਇੰਦਗੀ ਕਰਦੇ ਹਨ। ਰਾਇਬਰੇਲੀ ਦੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਤਰਜਮਾਨ ਵਿਨੈ ਦਿਵੇਦੀ ਮੁਤਾਬਕ ਪਾਰਟੀ ਦੀ ਜ਼ਿਲ੍ਹਾ ਇਕਾਈ ਅਤੇ ਸ਼ਹਿਰੀ ਇਕਾਈ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ-ਵੱਖ ਸੰਗਠਨਾਂ, ਪਾਰਟੀ ਉਮੀਦਵਾਰਾਂ ਅਤੇ ਜ਼ਿਲ੍ਹਾ ਪੰਚਾਇਤ ਮੈਂਬਰਾਂ ਨੇ ਵੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਇਸੇ ਦੌਰਾਨ ਕਾਂਗਰਸ ਦੇ ਇੱਕ ਨੇਤਾ ਨੇ ਦੱਸਿਆ ਕਿ ਪਾਰਟੀ ਨੇ ਸੰਭਾਵੀ ਉਮੀਦਵਾਰਾਂ ਨੂੰ 26 ਸਤੰਬਰ ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ ਲਈ ਕਿਹਾ ਹੈ। -ਪੀਟੀਆਈ