ਨਵੀਂ ਦਿੱਲੀ, 30 ਜੁਲਾਈ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਪਣਾ ਲੋਧੀ ਅਸਟੇਟ ਸਥਿਤ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ ਤੇ ਇਸ ਦੀਆਂ ਚਾਬੀਆਂ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਹਨ। ਸੂਤਰਾਂ ਅਨੁਸਾਰ ਉਨ੍ਹਾਂ ਕਿਹਾ ਕਿ ਉਹ ਕੇਂਦਰੀ ਦਿੱਲੀ ’ਚ ਪੱਕੇ ਤੌਰ ’ਤੇ ਰਹਿਣ ਆਉਣ ਤੋਂ ਪਹਿਲਾਂ ਕੁਝ ਦਿਨ ਗੁਰੂਗ੍ਰਾਮ ਰਹੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਿੱਲੀ ਵਿਚਾਲੇ ਨਵੇਂ ਘਰ ਦੀ ਮੁਰੰਮਤ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰੀ ਵਿਕਾਸ ਮੰਤਰਾਲੇ ਨੇ 1 ਜੁਲਾਈ ਨੂੰ ਨੋਟਿਸ ਜਾਰੀ ਕਰਕੇ ਪ੍ਰਿਯੰਕਾ ਗਾਂਧੀ ਨੂੰ 1 ਅਗਸਤ ਤੋਂ ਪਹਿਲਾਂ ਲੋਧੀ ਅਸਟੇਟ ਵਿਚਲਾ ਬੰਗਲਾ ਖਾਲੀ ਕਰਨ ਨੂੰ ਕਿਹਾ ਸੀ। ਮੰਤਰਾਲੇ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਸੀ ਕਿ ਐੱਸਪੀਜੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਮੌਜੂਦਾ ਰਿਹਾਇਸ਼ ‘35 ਲੋਧੀ ਅਸਟੇਟ’ ਖਾਲੀ ਕਰਨੀ ਪਵੇਗੀ।
ਕਾਂਗਰਸ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਬੰਗਲੇ ਦਾ ਪੂਰਾ ਮੁਆਇਨਾ ਕੀਤਾ ਤੇ ਦੇਖਿਆ ਕਿ ਇਹ ਚੰਗੀ ਹਾਲਤ ’ਚ ਸੀ। ਇਸ ਆਧਾਰ ’ਤੇ ਅਧਿਕਾਰੀਆਂ ਨੇ ਵਿਭਾਗ ਵੱਲੋਂ ਪ੍ਰਿਯੰਕਾ ਤੋਂ ਰਿਹਾਇਸ਼ ਖਾਲੀ ਕਰਨ ਨਾਲ ਜੁੜੀ ਰਿਪੋਰਟ ਜਾਰੀ ਕੀਤੀ ਤੇ ਚਾਬੀਆਂ ਹਾਸਲ ਕੀਤੀਆਂ। ਪਾਰਟੀ ਨੇ ਦੱਸਿਆ ਕਿ ਪ੍ਰਿਯੰਕਾ ਨੇ ਬਿਜਲੀ, ਪਾਣੀ ਤੇ ਹੋਰ ਸਾਰੇ ਬਕਾਇਆਂ ਬਿੱਲਾਂ ਦਾ ਭੁਗਤਾਨ ਕਰ ਦਿੱਤਾ ਹੈ।
-ਪੀਟੀਆਈ