ਚਲਾਕੁਡੀ (ਕੇਰਲਾ), 31 ਮਾਰਚ
ਕੇਰਲਾ ’ਚ ਮਹਿਲਾ ਵੋਟਰਾਂ ਨਾਲ ਰਾਬਤਾ ਬਣਾਉਂਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਉਨ੍ਹਾਂ ਵੱਲੋਂ ਸਮਾਜ ’ਚ ਨਿਭਾਈ ਜਾ ਰਹੀ ਅਹਿਮ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ,‘‘ਮੈਂ 47 ਸਾਲ ਦੀ ਉਮਰ ’ਚ ਸਿਆਸਤ ’ਚ ਆਈ ਹਾਂ। ਮੈਂ ਬੱਚਿਆਂ ਦੀ ਦੇਖਭਾਲ ਕਰਨ ਦੇ ਨਾਲ ਨਾਲ ਘਰ ਦੀ ਸਫਾਈ ਕਰਦੀ ਹਾਂ ਅਤੇ ਭੋਜਨ ਪਕਾਉਂਦੀ ਹਾਂ ਜਿਵੇਂ ਕਿ ਹੋਰ ਸੁਆਣੀਆਂ ਆਪਣੇ ਘਰਾਂ ’ਚ ਕਰਦੀਆਂ ਹਨ।’’ ਇਥੇ ਚੋਣ ਰੈਲੀ ਦੌਰਾਨ ਪ੍ਰਿਯੰਕਾ ਨੇ ਕਿਹਾ ਕਿ ਉਸ ਨੂੰ ਸਾਰਾ ਕੰਮ ਕਰਕੇ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਇਸ ਤੋਂ ਬਹੁਤ ਵੱਡਾ ਸਬਕ ਵੀ ਸਿੱਖਿਆ ਹੈ। 49 ਵਰ੍ਹਿਆਂ ਦੀ ਆਗੂ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਅਗਵਾਈ ਹੇਠਲੇ ਯੂਡੀਐੱਫ ਦੀ ਸਰਕਾਰ ਬਣੀ ਤਾਂ ਉਹ ਸੁਆਣੀਆਂ ਦੀ ਸਹਾਇਤਾ ਵਾਲੀ ਯੋਜਨਾ ਨੂੰ ਲਾਗੂ ਕਰੇਗੀ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੁਦ ਖੜ੍ਹੀਆਂ ਹੋ ਸਕਣ। ਉਨ੍ਹਾਂ ਕਿਹਾ ਕਿ ਹਰੇਕ ਸਰਕਾਰ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੁਆਣੀਆਂ ਦੇ ਕੰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਆਪਣੇ ਭਾਸ਼ਨ ’ਚ ਨਿਆਏ ਯੋਜਨਾ ਦੇ ਕੀਤੇ ਵਾਅਦੇ ਦਾ ਜ਼ਿਕਰ ਵੀ ਕੀਤਾ। -ਪੀਟੀਆਈ