ਉਨਾਓ, 12 ਫਰਵਰੀ
ਉੱਤਰ ਪ੍ਰਦੇਸ਼ ਦੇ ਉਨਾਓ ’ਚ ਕਰੀਬ ਦੋ ਮਹੀਨਿਆਂ ਤੋਂ ਲਾਪਤਾ ਦਲਿਤ ਲੜਕੀ ਦੀ ਹੱਤਿਆ ਦੇ ਮਾਮਲੇ ’ਚ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਪੀੜਤਾ ਦੀ ਮਾਂ ਨਾਲ ਫੋਨ ’ਤੇ ਗੱਲਬਾਤ ਕਰਕੇ ਹਮਦਰਦੀ ਪ੍ਰਗਟਾਈ ਅਤੇ ਭਰੋਸਾ ਦਿੱਤਾ ਕਿ ਇਨਸਾਫ਼ ਦਿਵਾਉਣ ’ਚ ਉਸ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਨੌਜਵਾਨ ਲੜਕੀ ਦੀ ਲਾਸ਼ ਸਮਾਜਵਾਦੀ ਪਾਰਟੀ ਸਰਕਾਰ ’ਚ ਮੰਤਰੀ ਰਹੇ ਫਤਹਿ ਬਹਾਦਰ ਸਿੰਘ ਵੱਲੋਂ ਬਣਵਾਏ ਗਏ ਆਸ਼ਰਮ ਨੇੜੇ ਖਾਲੀ ਜ਼ਮੀਨ ’ਚੋਂ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ’ਚ ਗ੍ਰਿਫ਼ਤਾਰ ਮੁੱਖ ਮੁਲਜ਼ਮ ਰਾਜੋਲ ਸਿੰਘ ਸਮਾਜਵਾਦੀ ਪਾਰਟੀ ਦੇ ਆਗੂ ਫਤਹਿ ਬਹਾਦਰ ਦਾ ਪੁੱਤਰ ਹੈ। ਪ੍ਰਿਯੰਕਾ ਗਾਂਧੀ ਨੇ ਮਹਿਲਾ ਦੀ ਮਾਂ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਛੇਤੀ ਹੀ ਉਸ ਨੂੰ ਮਿਲੇਗੀ ਅਤੇ ਇਨਸਾਫ਼ ਲਈ ਆਵਾਜ਼ ਬੁਲੰਦ ਕਰੇਗੀ। ਇਸ ਦੌਰਾਨ ਪ੍ਰਿਯੰਕਾ ਨੇ ਟਵੀਟ ਕਰਕੇ ਕਿਹਾ ਕਿ ਉਨਾਓ ’ਚ ਜੋ ਕੁਝ ਵਾਪਰਿਆ ਹੈ, ਉਹ ਉੱਤਰ ਪ੍ਰਦੇਸ਼ ’ਚ ਨਵਾਂ ਨਹੀਂ ਹੈ। ‘ਇਕ ਦਲਿਤ ਲੜਕੀ ਦੀ ਮਾਂ ਆਪਣੀ ਧੀ ਦਾ ਪਤਾ ਲਗਾਉਣ ਲਈ ਦਫ਼ਤਰਾਂ ਦੇ ਚੱਕਰ ਲਗਾਉਂਦੀ ਰਹੀ ਪਰ ਅਖੀਰ ’ਚ ਉਸ ਨੂੰ ਆਪਣੀ ਧੀ ਦੀ ਲਾਸ਼ ਮਿਲੀ। ਪ੍ਰਸ਼ਾਸਨ ਨੇ ਉਸ ਦੀ ਇਕ ਨਹੀਂ ਸੁਣੀ।’ ਉਨ੍ਹਾਂ ਇਸ ਮਾਮਲੇ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਘੇਰਿਆ। -ਪੀਟੀਆਈ