ਭੋਪਾਲ/ਲਖਨਊ, 20 ਮਾਰਚ
ਮੱਧ ਪ੍ਰਦੇਸ਼ ਦੇ ਆਈਏਐੱਸ ਅਧਿਕਾਰੀ ਨੇ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਮਾਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਦੇ ਹੋਰਨਾਂ ਰਾਜਾਂ ਵਿੱਚ ਮੁਸਲਮਾਨਾਂ ਦੀਆਂ ਹੋ ਰਹੀਆਂ ਹੱਤਿਆਵਾਂ ’ਤੇ ਵੀ ਫ਼ਿਲਮ ਬਣਾਉਣ। ਆਈਏਐੱਸ ਅਧਿਕਾਰੀ ਨਿਆਜ਼ ਖ਼ਾਨ ਨੇ ਕਿਹਾ ਕਿ ਇਸ ਘੱਟਗਿਣਤੀ ਭਾਈਚਾਰੇ ਦੇ ਲੋਕ ‘ਕੀੜੇ ਮਕੌੜੇ ਨਹੀਂ ਬਲਕਿ ਦੇਸ਼ ਦੇ ਨਾਗਰਿਕ ਹਨ।’’ ਖ਼ਾਨ ਨੇ ਫ਼ਿਲਮ ਦੇ ਨਿਰਮਾਤਾ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਫ਼ਿਲਮ ਰਾਹੀਂ ਹੋਣ ਵਾਲੀ ਸਾਰੀ ਕਮਾਈ ਕਸ਼ਮੀਰ ਵਿੱਚ ਬ੍ਰਾਹਮਣ ਬੱਚਿਆਂ ਦੀ ਸਿੱਖਿਆ ਤੇ ਕਸ਼ਮੀਰ ਵਿੱਚ ਉਨ੍ਹਾਂ ਲਈ ਘਰਾਂ ਦੀ ਉਸਾਰੀ ’ਤੇ ਖਰਚਣ। ਉਧਰ ਮੱਧ ਪ੍ਰਦੇਸ਼ ਸਰਕਾਰ ’ਚ ਮੰਤਰੀ ਵਿਸ਼ਵਾਸ ਸਾਰੰਗ ਨੇ ਅਧਿਕਾਰੀ ਦੇ ਟਵੀਟਾਂ ਨੂੰ ‘ਫ਼ਿਰਕਾਪ੍ਰਸਤ’ ਕਰਾਰ ਦਿੰਦਿਆਂ ਉਸ ਨੂੰ ਉਪ ਸਕੱਤਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ‘ਦਿ ਕਸ਼ਮੀਰ ਫਾਈਲਜ਼’ ਦੀ ਸਕਰੀਨਰਾਈਟਰ ਤੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਕਿਹਾ ਕਿ ਫ਼ਿਲਮ ਨੂੰ ਲੈ ਕੇ ਉੱਠਿਆ ਵਿਵਾਦ ਬੇਲੋੜਾ ਹੈ ਕਿਉਂਕਿ ਫ਼ਿਲਮ ‘ਪੂਰੀ ਤਰ੍ਹਾਂ ਤੱਥਾਂ’ ਉੱਤੇ ਅਧਾਰਿਤ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਕਥਿਤ ‘ਕਸ਼ਮੀਰ’ ਦੀ ਵਰਤੋਂ ਕਰਕੇ ਕਾਰੋਬਾਰ ਚਲਾ ਰਹੇ ਹਨ ਤੇ ਇਸ ਫਿਲਮ ਰਾਹੀਂ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਰੋਕਣ ਦਾ ਯਤਨ ਕੀਤਾ ਗਿਆ ਹੈ। –ਪੀਟੀਆਈ