ਨਵੀਂ ਦਿੱਲੀ, 2 ਸਤੰਬਰ
ਮੁਲਕ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਲਗਾਤਾਰ ਵਧ ਰਹੀ ਗਿਣਤੀ ਤੇ ਅਰਥਵਿਵਸਥਾ ਦੇ ਅਣਕਿਆਸੇ ਘਾਟੇ ’ਚੋਂ ਲੰਘਣ ਦੌਰਾਨ ਕੇਂਦਰ ਸਰਕਾਰ ਨੇ ਇਕ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਇਸ ਮੁਤਾਬਕ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਕੈਲੰਡਰ, ਡਾਇਰੀਆਂ, ਸ਼ੈਡਿਊਲਰ ਤੇ ਹੋਰ ਛਪਣਯੋਗ ਸਮੱਗਰੀ ਦੀ ਛਪਾਈ ਕਰਨ ਤੋਂ ਮਨਾ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਨੂੰ ਡਿਜੀਟਲ ਰੂਪ ’ਚ ਪ੍ਰਕਾਸ਼ਿਤ ਕਰਨ ਲਈ ਕਿਹਾ ਗਿਆ ਹੈ। ਜਾਣਕਾਰੀ ਮੁਤਾਬਕ ਸਾਰੇ ਜਨਤਕ ਖੇਤਰ ਦੀਆਂ ਇਕਾਈਆਂ ਅਤੇ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਬੈਂਕਾਂ ਨੂੰ ਇਨ੍ਹਾਂ ਚੀਜ਼ਾਂ ਦੀ ਛਪਾਈ ਡਿਜੀਟਲ ਰੂਪ ’ਚ ਕਰਨ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਮੰਤਰਾਲਿਆਂ, ਸਰਕਾਰੀ ਵਿਭਾਗਾਂ ਤੇ ਉਦਮਾਂ ਨੂੰ ਕੌਫੀ ਟੇਬਲ ਬੁਕਸ ਦੀ ਵੀ ਛਪਾਈ ਨਾ ਕਰਨ ਲਈ ਕਿਹਾ ਗਿਆ ਹੈ। -ਪੀਟੀਆਈ