* ਹਾਈ ਕੋਰਟ ’ਚ ਮਾਮਲੇ ’ਤੇ ਸੁਣਵਾਈ ਜਾਰੀ ਰਹੇਗੀ
ਨਵੀਂ ਦਿੱਲੀ, 16 ਜਨਵਰੀ
ਸੁਪਰੀਮ ਕੋਰਟ ਨੇ ਅੱਜ ਮਥੁਰਾ ਵਿਚ ਕ੍ਰਿਸ਼ਨ ਜਨਮਭੂਮੀ ਨਾਲ ਲੱਗਦੀ ਸ਼ਾਹੀ ਈਦਗਾਹ ਮਸਜਿਦ ਦੇ ਅਦਾਲਤ ਦੀ ਨਿਗਰਾਨੀ ਵਿਚ ਸਰਵੇਖਣ ਦੀ ਇਜਾਜ਼ਤ ਦੇਣ ਵਾਲੇ ਅਲਾਹਾਬਾਦ ਹਾਈ ਕੋਰਟ ਦੇ ਹੁਕਮ ਉਤੇ ਰੋਕ ਲਾ ਦਿੱਤੀ। ਜਸਟਿਸ ਸੰਜੀਵ ਖੰਨਾ ਤੇ ਦੀਪਾਂਕਰ ਦੱਤਾ ਦੇ ਬੈਂਚ ਨੇ 14 ਦਸੰਬਰ 2023 ਦੇ ਹੁਕਮ ਲਾਗੂ ਹੋਣ ਉਤੇ ਰੋਕ ਲਾਈ ਹੈ ਜਿਸ ਵਿਚ ਮਸਜਿਦ ਕੰਪਲੈਕਸ ਦਾ ਸਰਵੇਖਣ ਅਦਾਲਤ ਦੀ ਨਿਗਰਾਨੀ ਹੇਠ ਕਰਾਉਣ ਉਤੇ ਸਹਿਮਤੀ ਜਤਾਈ ਗਈ ਸੀ। ਹਿੰਦੂ ਧਿਰ ਦਾ ਦਾਅਵਾ ਹੈ ਕਿ ਮਸਜਿਦ ਕੰਪਲੈਕਸ ਵਿਚ ਅਜਿਹੀਆਂ ਨਿਸ਼ਾਨੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਵੇਲੇ ਇਹ ਮੰਦਰ ਸੀ। ਬੈਂਚ ਨੇ ਕਿਹਾ ਕਿ ਕੁਝ ਕਾਨੂੰਨੀ ਮੁੱਦੇ ਸਾਹਮਣੇ ਆਏ ਹਨ ਤੇ ਉਨ੍ਹਾਂ ਸਰਵੇਖਣ ਲਈ ਅਦਾਲਤੀ ਕਮਿਸ਼ਨਰ ਦੀ ਨਿਯੁਕਤੀ ਲਈ ਹਾਈ ਕੋਰਟ ਅੱਗੇ ਪੇਸ਼ ਕੀਤੀ ਗਈ ‘ਅਸਪੱਸ਼ਟ’ ਅਰਜ਼ੀ ਉਤੇ ਵੀ ਸਵਾਲ ਚੁੱਕੇ। ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਵਿਵਾਦ ਉਤੇ ਹਾਈ ਕੋਰਟ ਵਿਚ ਸੁਣਵਾਈ ਜਾਰੀ ਰਹੇਗੀ। ਬੈਂਚ ਨੇ ਹਿੰਦੂ ਧਿਰਾਂ ਜਿਵੇਂ ਕਿ ਭਗਵਾਨ ਸ੍ਰੀ ਕਿਸ਼ਨ ਵਿਰਾਜਮਾਨ ਤੇ ਹੋਰਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸ਼ਿਆਮ ਦੀਵਾਨ ਨੂੰ ਕਿਹਾ, ‘ਤੁਸੀਂ ਅਦਾਲਤੀ ਕਮਿਸ਼ਨਰ ਦੀ ਨਿਯੁਕਤੀ ਲਈ ਅਸਪੱਸ਼ਟ ਅਰਜ਼ੀ ਨਹੀਂ ਦੇ ਸਕਦੇ। ਇਸ ਦਾ ਮੰਤਵ ਬਹੁਤ ਸਪੱਸ਼ਟ ਹੋਣਾ ਚਾਹੀਦਾ ਹੈ। ਤੁਸੀਂ ਸਭ ਕੁਝ ਅਦਾਲਤ ਉਤੇ ਨਹੀਂ ਛੱਡ ਸਕਦੇ।’ ਅਦਾਲਤ ਨੇ ਹਿੰਦੂ ਸੰਸਥਾਵਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਈਦਗਾਹ ਦੀ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਉਤੇ ਸੁਣਵਾਈ ਕਰ ਰਿਹਾ ਹੈ। -ਪੀਟੀਆਈ
ਗਿਆਨਵਾਪੀ: ਵਜ਼ੂਖਾਨਾ ਸਾਫ਼ ਕਰਨ ਦੀ ਖੁੱਲ੍ਹ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਹਿੰਦੂ ਮਹਿਲਾ ਪਟੀਸ਼ਨਰਾਂ ਵੱਲੋਂ ਦਾਖ਼ਲ ਅਪੀਲ ’ਤੇ ਵਾਰਾਨਸੀ ਦੀ ਗਿਆਨਵਾਪੀ ਮਸਜਿਦ ਵਿਚ ਵਜ਼ੂਖਾਨੇ ਦੀ ਸਫ਼ਾਈ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਵਜ਼ੂਖਾਨਾ ਮਸਜਿਦ ਦੇ ਸੀਲ ਕੀਤੇ ਹਿੱਸੇ ਵਿੱਚ ਪੈਂਦਾ ਹੈ। ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਅਤੇ ਜਸਟਿਸ ਜੇ.ਬੀ.ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਵਾਰਾਨਸੀ ਜ਼ਿਲ੍ਹਾ ਮੈਜਿਸਟਰੇਟ ਦੀ ਨਿਗਰਾਨੀ ਵਿੱਚ ਵਜ਼ੂਖਾਨਾ ਸਾਫ਼ ਕਰਨ ਦੇ ਹੁਕਮ ਦਿੱਤੇ ਹਨ। ਯੂਪੀ ਸਰਕਾਰ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਮਾਧਵੀ ਦੀਵਾਨ ਨੇ ਮੱਛੀਆਂ ਮਰੀਆਂ ਹੋਣ ਦੇ ਹਵਾਲੇ ਨਾਲ ਵਜ਼ੂਖਾਨਾ ਸਾਫ਼ ਕਰਨ ਦੀ ਮੰਗ ਕੀਤੀ ਸੀ। -ਪੀਟੀਆਈ