ਮੁੰਬਈ, 6 ਫਰਵਰੀ
ਫ਼ਿਲਮ ਜਗਤ ਦੀਆਂ ਉੱਘੀਆਂ ਹਸਤੀਆਂ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ ਉਤੇ ਦੁੱਖ ਜ਼ਾਹਿਰ ਕੀਤਾ ਹੈ। ਇਨ੍ਹਾਂ ਵਿਚ ਅਮਿਤਾਭ ਬੱਚਨ, ਵਹੀਦਾ ਰਹਿਮਾਨ, ਸ਼ਬਾਨਾ ਆਜ਼ਮੀ ਤੇ ਹੋਰ ਸ਼ਾਮਲ ਹਨ। ਅਮਿਤਾਭ ਬੱਚਨ ਨੇ ਕਿਹਾ, ‘ਉਹ ਸਾਨੂੰ ਛੱਡ ਗਏ…ਸਦੀਆਂ ਦੀ ਆਵਾਜ਼ ਵਿਛੜ ਗਈ…ਉਨ੍ਹਾਂ ਦੀ ਆਵਾਜ਼ ਹੁਣ ਸਵਰਗਾਂ ਵਿਚ ਗੂੰਜ ਰਹੀ ਹੈ।’ ਅਦਾਕਾਰਾ ਵਹੀਦਾ ਰਹਿਮਾਨ ਨੇ ਕਿਹਾ ਕਿ ਲਤਾ ਦੀ ਆਵਾਜ਼ ਵਿਚ ਜਾਦੂ ਸੀ। ਰਹਿਮਾਨ ਨੇ ਕਿਹਾ ਕਿ ਪਰ ਇਸ ਜਾਦੂ ਪਿੱਛੇ ਸਖ਼ਤ ਮਿਹਨਤ ਤੇ ਸਮਰਪਣ ਸੀ। ਉਨ੍ਹਾਂ ਦੇ ਗੀਤ ਆਉਣ ਵਾਲੇ ਕਈ ਸਾਲਾਂ ਤੱਕ ਯਾਦ ਰਹਿਣਗੇ। ਅਭਿਨੇਤਰੀ ਸ਼ਬਾਨਾ ਆਜ਼ਮੀ ਨੇ ਕਿਹਾ, ‘ਲਤਾ ਜੀ…ਸਾਡਾ ਖ਼ਜ਼ਾਨਾ ਸਨ, ਉਨ੍ਹਾਂ ਦੀ ਆਵਾਜ਼ ਨੇ ਸਾਡੀਆਂ ਜ਼ਿੰਦਗੀਆਂ ਰੋਸ਼ਨ ਕੀਤੀਆਂ, ਉਦਾਸੀ ’ਚ ਸਾਡਾ ਦੁੱਖ ਵੰਡਾਇਆ, ਨਿਰਾਸ਼ਾ ਵਿਚ ਸਾਨੂੰ ਤਾਕਤ ਦਿੱਤੀ, ਤੁਹਾਡਾ ਧੰਨਵਾਦ ਲਤਾ ਜੀ।’ ਮਨੋਜ ਬਾਜਪਈ ਨੇ ਵੀ ਲਤਾ ਨੂੰ ਸ਼ਰਧਾਂਜਲੀ ਦਿੱਤੀ। ਸੁਪਰਸਟਾਰ ਅਕਸ਼ੈ ਕੁਮਾਰ ਨੇ ਟਵੀਟ ਕੀਤਾ, ‘ਮੇਰੀ ਆਵਾਜ਼ ਹੀ ਪਹਿਚਾਨ ਹੈ, ਗ਼ਰ ਯਾਦ ਰਹੇ…ਤੇ ਕੋਈ ਕਿਵੇਂ ਇਸ ਆਵਾਜ਼ ਨੂੰ ਭੁੱਲ ਸਕਦਾ ਹੈ! ਲਤਾ ਜੀ ਦੇ ਦੇਹਾਂਤ ਉਤੇ ਮਨ ਦੁਖੀ ਹੈ।’ ਅਜੈ ਦੇਵਗਨ ਨੇ ਕਿਹਾ, ‘ਉਹ ਮਹਾਨ ਸਨ ਤੇ ਹਮੇਸ਼ਾ ਰਹਿਣਗੇ, ਅਸੀਂ ਕਿੰਨੇ ਭਾਗਾਂ ਵਾਲੇ ਹਾਂ ਕਿ ਉਨ੍ਹਾਂ ਦੇ ਗੀਤ ਸੁਣ-ਸੁਣ ਵੱਡੇ ਹੋਏ।’ ਦੋਵਾਂ ਅਦਾਕਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਭਾਰਤ ਦੇ ਸਭ ਤੋਂ ਮਹਾਨ ਸੰਗੀਤਕਾਰਾਂ ਵਿਚੋਂ ਇਕ ਇਲਯਾਰਾਜਾ ਨੇ ਕਿਹਾ ਕਿ ਲਤਾ ਮੰਗੇਸ਼ਕਰ ਦੀ ਸਾਡੇ ਦਿਲਾਂ ਵਿਚ ਥਾਂ ਬਣੀ ਹੋਈ ਹੈ ਤੇ ਕੋਈ ਹੋਰ ਉਹ ਜਗ੍ਹਾ ਨਹੀਂ ਲੈ ਸਕਦਾ। ਸੰਗੀਤਕਾਰ ਨੇ ਕਿਹਾ ਕਿ ਉਨ੍ਹਾਂ ਲਤਾ ਨਾਲ ਕੰਮ ਕੀਤਾ ਤੇ ਉਹ ਉਨ੍ਹਾਂ ਦੀ ਆਵਾਜ਼ ਤੇ ਰੂਹ ਨੂੰ ਬਹੁਤ ਪਿਆਰ ਕਰਦੇ ਸਨ। ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਨੇ ਕਿਹਾ ਕਿ ਲਤਾ ਮੰਗੇਸ਼ਕਰ ਦੇ ਤੁਰ ਜਾਣ ਮਗਰੋਂ ਜਿਹੜੀ ਥਾਂ ਖਾਲੀ ਹੋ ਗਈ ਹੈ, ਉਹ ਭਰੀ ਨਹੀਂ ਜਾ ਸਕੇਗੀ। ਰਹਿਮਾਨ ਦੇ ਫ਼ਿਲਮ ‘ਦਿਲ ਸੇ’, ‘ਪੁਕਾਰ’ ਅਤੇ ‘ਰੰਗ ਦੇ ਬਸੰਤੀ’ ਵਿਚਲੇ ਗੀਤਾਂ ਨੂੰ ਲਤਾ ਨੇ ਆਪਣੀ ਆਵਾਜ਼ ਦਿੱਤੀ ਸੀ। -ਪੀਟੀਆਈ