ਮੁਜ਼ੱਫਰਨਗਰ: ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਨੇ ਕਿਹਾ ਹੈ ਕਿ ਕਿਸਾਨਾਂ ਨਾਲ ਪਿਛਲੇ ਸਾਲ ਦਸੰਬਰ ’ਚ ਕੀਤੇ ਗਏ ਵਾਅਦੇ ਅਜੇ ਤੱਕ ਸਰਕਾਰ ਨੇ ਪੂਰੇ ਨਹੀਂ ਕੀਤੇ ਹਨ। ਉਨ੍ਹਾਂ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਬਾਰੇ ਕਾਨੂੰਨ ਬਣਾਉਣ ਦੀ ਵਕਾਲਤ ਵੀ ਕੀਤੀ। ਮੌਜੂਦਾ ਹਾਲਾਤ ਬਾਰੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਮਲਿਕ ਨੇ ਕਿਹਾ ਕਿ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਤੋਂ ਆਪਣਾ ਧਰਨਾ ਸਿਰਫ਼ ਉਠਾਇਆ ਹੈ ਪਰ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਖ਼ਿਲਾਫ਼ ਉਨ੍ਹਾਂ ਦਾ ਅੰਦੋਲਨ ਅਜੇ ਵੀ ਖ਼ਤਮ ਨਹੀਂ ਹੋਇਆ ਹੈ। ਐਤਵਾਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਿਕ ਨੇ ਕਿਹਾ ਕਿ ਦੇਸ਼ ’ਚ ਮਹਿੰਗਾਈ ਅਤੇ ਬੇਰੁਜ਼ਗਾਰੀ ਬਾਰੇ ਕੋਈ ਚਰਚਾ ਨਹੀਂ ਹੋ ਰਹੀ ਹੈ ਜਦਕਿ ਨੌਜਵਾਨ ਨੌਕਰੀਆਂ ਤੋਂ ਬਿਨਾਂ ਸੜਕਾਂ ’ਤੇ ਘੁੰਮ ਰਹੇ ਹਨ। ਰਾਜਪਾਲ ਨੇ ਕਿਹਾ,‘‘ਅਹਿਮ ਮੁੱਦਿਆਂ ਦੀ ਬਜਾਏ ਬੇਤੁਕੇ ਮਾਮਲਿਆਂ ’ਤੇ ਬਹਿਸਾਂ ਹੋ ਰਹੀਆਂ ਹਨ।’’ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ’ਚ ਲੜਾਈ ਬੰਦ ਕਰਨ ਦਾ ਹੋਕਾ ਦਿੰਦਿਆਂ ਉਨ੍ਹਾਂ ਕਿਹਾ ਕਿ ਦੋਵੇਂ ਫਿਰਕਿਆਂ ਨੂੰ ਬੇਰੁਜ਼ਗਾਰੀ ਅਤੇ ਦੇਸ਼ ਨੂੰ ਦਰਪੇਸ਼ ਹੋਰ ਮੁਸ਼ਕਲਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ। ਉੱਤਰ ਪ੍ਰਦੇਸ਼ ’ਚ ਬੁਲਡੋਜ਼ਰਾਂ ਦੀ ਵਰਤੋਂ ਬਾਰੇ ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਸਮਾਂ ਦਿੱਤੇ ਬਿਨਾਂ ਉਨ੍ਹਾਂ ਦੇ ਘਰਾਂ ਨੂੰ ਨਹੀਂ ਢਾਹਿਆ ਜਾਣਾ ਚਾਹੀਦਾ ਹੈ। ਸ੍ਰੀ ਮਲਿਕ ਨੇ ਇਥੋਂ ਦੀ ਦਰਗਾਹ ਦਾ ਦੌਰਾ ਵੀ ਕੀਤਾ ਅਤੇ ਰਾਸ਼ਟਰੀ ਲੋਕ ਦਲ ਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਜਦੋਂ ਸਿਖਰਾਂ ’ਤੇ ਸੀ ਤਾਂ ਮਲਿਕ ਨੇ ਕਿਸਾਨਾਂ ਦੇ ਪੱਖ ’ਚ ਆਵਾਜ਼ ਬੁਲੰਦ ਕੀਤੀ ਸੀ ਜਿਸ ਕਾਰਨ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। -ਪੀਟੀਆਈ