ਵਾਇਨਾਡ, 3 ਨਵੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਅੱਜ ਦੇ ਸਮੇਂ ਦੇਸ਼ ’ਚ ਮੁੱਢਲੀ ਲੜਾਈ ਸੰਵਿਧਾਨ ਦੀ ਰਾਖੀ ਤੇ ਸੁਰੱਖਿਆ ਲਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਨਫ਼ਰਤ ਨਾਲ ਨਹੀਂ ਬਲਕਿ ਨਿਮਰਤਾ ਤੇ ਪ੍ਰੇਮ ਨਾਲ ਲਿਖਿਆ ਗਿਆ ਸੀ।
ਲੋਕ ਸਭਾ ਮੈਂਬਰ ਨੇ ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਲਈ ਪ੍ਰਚਾਰ ਤਹਿਤ ਇੱਥੇ ਮਨੰਤਵੜੀ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਅੱਜ ਮੁੱਖ ਲੜਾਈ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਹੈ।’ ਵਾਇਨਾਡ ਲੋਕ ਸਭਾ ਉਪ ਚੋਣ ਲਈ ਪ੍ਰਿਯੰਕਾ ਗਾਂਧੀ ਕਾਂਗਰਸ ਦੀ ਉਮੀਦਵਾਰ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ, ‘ਸੰਵਿਧਾਨ ਨਫਰਤ ਨਾਲ ਨਹੀਂ ਲਿਖਿਆ ਗਿਆ। ਇਹ ਉਨ੍ਹਾਂ ਲੋਕਾਂ ਵੱਲੋਂ ਲਿਖਿਆ ਗਿਆ ਹੈ ਜਿਨ੍ਹਾਂ ਅੰਗਰੇਜ਼ਾਂ ਖ਼ਿਲਾਫ਼ ਲੜਾਈ ਲੜੀ, ਜਿਨ੍ਹਾਂ ਦੁੱਖ ਝੱਲੇ, ਜਿਨ੍ਹਾਂ ਕਈ ਸਾਲ ਜੇਲ੍ਹਾਂ ’ਚ ਬਿਤਾਏ, ਉਨ੍ਹਾਂ ਸੰਵਿਧਾਨ ਨਿਮਰਤਾ, ਪ੍ਰੇਮ ਤੇ ਸਨੇਹ ਨਾਲ ਲਿਖਿਆ।’ ਉਨ੍ਹਾਂ ਕਿਹਾ ਕਿ ਇਹ ਪਿਆਰ ਤੇ ਨਫਰਤ, ਆਤਮ ਵਿਸ਼ਵਾਸ ਤੇ ਅਸੁਰੱਖਿਆ ਵਿਚਾਲੇ ਲੜਾਈ ਹੈ ਅਤੇ ਜੇ ਤੁਸੀਂ ਅਸਲ ਵਿੱਚ ਇਹ ਲੜਾਈ ਜਿੱਤਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਦਿਲੋਂ ਗੁੱਸਾ ਤੇ ਨਫਰਤ ਕੱਢ ਕੇ ਇਸ ਦੀ ਥਾਂ ਪਿਆਰ, ਨਿਮਰਤਾ ਤੇ ਹਮਦਰਦੀ ਲਿਆ ਕੇ ਇਸ ਵਿੱਚ ਯੋਗਦਾਨ ਪਾ ਸਕਦੇ ਹੋ। ਉਨ੍ਹਾਂ ਰੈਲੀ ਦੌਰਾਨ ਆਪਣੀ ਭੈਣ ਪ੍ਰਿਯੰਕਾ ਗਾਂਧੀ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਇਸੇ ਦੌਰਾਨ ਰਾਹੁਲ ਗਾਂਧੀ ਨੇ ਮਾਲਾਪੁਰਮ ਦੇ ਅਰੀਕੋਡੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਵਾਅਦਾ ਕੀਤਾ ਕਿ ਉਹ ਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਇੱਥੇ ਇੱਕ ਮੈਡੀਕਲ ਕਾਲਜ ਖੋਲ੍ਹਣਗੇ। -ਪੀਟੀਆਈ
ਮੋਦੀ ਨੇ ਸਿਰਫ਼ ਕਾਰੋਬਾਰੀ ਦੋਸਤਾਂ ਲਈ ਕੰਮ ਕੀਤਾ: ਪ੍ਰਿਯੰਕਾ
ਪ੍ਰਿਯੰਕਾ ਗਾਂਧੀ ਨੇ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਹਮਲਾ ਜਾਰੀ ਰੱਖਿਆ ਤੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵਪਾਰਕ ਦੋਸਤਾਂ ਲਈ ਸਭ ਕੁਝ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ, ‘ਮੋਦੀ ਜੀ ਦੀ ਸਰਕਾਰ ਸਿਰਫ਼ ਆਪਣੇ ਵੱਡੇ ਕਾਰੋਬਾਰੀ ਦੋਸਤਾਂ ਲਈ ਕੰਮ ਕਰਦੀ ਹੈ। ਉਨ੍ਹਾਂ ਦਾ ਮਕਸਦ ਤੁਹਾਨੂੰ ਬਿਹਤਰ ਜ਼ਿੰਦਗੀ ਦੇਣਾ ਨਹੀਂ ਹੈ। ਉਨ੍ਹਾਂ ਦਾ ਉਦੇਸ਼ ਪੜ੍ਹੇ-ਲਿਖੇ ਨੌਜਵਾਨਾਂ ਲਈ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਕਰਨਾ , ਬਿਹਤਰ ਸਿਹਤ ਤੇ ਸਿੱਖਿਆ ਮੁਹੱਈਆ ਕਰਨਾ ਤੇ ਲੋਕਾਂ ਦੀ ਭਲਾਈ ਨਹੀਂ ਹੈ।
ਮੋਦੀ ਬਾਰੇ ਬੋਲ ਕੇ ਅਸੀਂ ਸਾਰੇ ਅੱਕੇ: ਰਾਹੁਲ
ਵਾਇਨਾਡ: ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਇੱਥੇ ਆਪਣੀ ਭੈਣ ਪ੍ਰਿਯੰਕਾ ਗਾਂਧੀ ਨਾਲ ਸਾਂਝੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਤੋਂ ਦੂਰ ਰਹੇ ਅਤੇ ਉਨ੍ਹਾਂ ਸਿਰਫ਼ ਆਪਣੇ ਪਰਿਵਾਰ ਤੇ ਭੈਣ ਬਾਰੇ ਹੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਭਾਸ਼ਣ ’ਚ ਪ੍ਰਿਯੰਕਾ ਮੋਦੀ ਬਾਰੇ ਬਹੁਤ ਕੁਝ ਬੋਲ ਚੁੱਕੀ ਹੈ। ਉਨ੍ਹਾਂ ਕਿਹਾ, ‘ਉਹ (ਪ੍ਰਿਯੰਕਾ) ਸ੍ਰੀ ਮੋਦੀ ਬਾਰੇ ਬਹੁਤ ਕੁਝ ਦੱਸ ਚੁੱਕੀ ਹੈ ਅਤੇ ਅਸੀਂ ਸਾਰੇ ਉਨ੍ਹਾਂ ਤੋਂ ਅੱਕ ਚੁੱਕੇ ਹਾਂ। ਇਸ ਲਈ ਉਨ੍ਹਾਂ ਬਾਰੇ ਦੁਬਾਰਾ ਗੱਲ ਕਿਉਂ ਕਰੀਏ।’ ਰਾਹੁਲ ਨੇ ਰੈਲੀ ਦੌਰਾਨ ਕਿਹਾ, ‘ਇਸ ਮੀਟਿੰਗ ’ਚ ਮੇਰੇ ਸਾਹਮਣੇ ਦੋ ਰਾਹ ਸਨ। ਮੈਂ ਜਾਂ ਤਾਂ ਇੱਕ ਸਿਆਸੀ ਸੁਨੇਹਾ ਦੇਵਾਂ ਜਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਭਾਸ਼ਣ ਦੇਵਾਂ। ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਗੱਲ ਕਰਨਾ ਪਸੰਦ ਕਰਾਂਗਾ ਜਿਵੇਂ ਮੈਂ ਆਪਣੇ ਪਰਿਵਾਰ ਨਾਲ ਗੱਲ ਕਰਦਾ ਹਾਂ। ਮੈਂ ਆਪਣੇ ਉਮੀਦਵਾਰ ਬਾਰੇ ਵੱਧ ਗੱਲ ਕਰਾਂਗਾ।’ -ਪੀਟੀਆਈ