ਨਵੀਂ ਦਿੱਲੀ: ਅਸਾਮ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਹੋਏ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਗੁਹਾਟੀ ਜੇਲ੍ਹ ਵਿੱਚ ਬੰਦ ਕਾਰਕੁਨ ਅਖ਼ਿਲ ਗੋਗੋਈ ਦੀ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ। ਜਸਟਿਸ ਐੱਨ.ਵੀ. ਰਮਾਨਾ, ਸੂਰਿਆ ਕਾਂਤ ਅਤੇ ਅਨਿਰੁੱਧ ਬੋਸ ਦੇ ਇਕ ਬੈਂਚ ਨੇ ਗੋਗੋਈ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਕਿਹਾ, ‘‘ਇਸ ਪੜਾਅ ’ਤੇ ਅਸੀਂ ਇਸ ਅਰਜ਼ੀ ’ਤੇ ਵਿਚਾਰ ਨਹੀਂ ਕਰਾਂਗੇ।’’ ਹਾਲਾਂਕਿ, ਬੈਂਚ ਨੇ ਵਕੀਲ ਰੁਨਾਮੋਨੀ ਭੁਯਾਨ ਨੂੰ ਇਹ ਵੀ ਕਿਹਾ ਕਿ ਇਕ ਵਾਰ ਮੁਕੱਦਮਾ ਸ਼ੁਰੂ ਹੋ ਜਾਵੇ ਤਾਂ ਪਟੀਸ਼ਨਰ ਜ਼ਮਾਨਤ ਲਈ ਸਿਖ਼ਰਲੀ ਅਦਾਲਤ ਤੱਕ ਪਹੁੰਚ ਕਰ ਸਕਦਾ ਹੈ। ਸੀਏਏ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ’ਚ ਗੋਗੋਈ ਦੀ ਕਥਿਤ ਸ਼ਮੂਲੀਅਤ ਸਬੰਧੀ ਕੌਮੀ ਜਾਂਚ ਏਜੰਸੀ ਵੱਲੋਂ ਦਰਜ ਕੀਤੇ ਗਏ ਇਕ ਕੇਸ ਵਿੱਚ ਉਸ ਦੀ ਜ਼ਮਾਨਤ ਅਰਜ਼ੀ 7 ਜਨਵਰੀ ਨੂੰ ਗੁਹਾਟੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ। ਗੋਗੋਈ ਨੇ ਗੁਹਾਟੀ ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ।
-ਪੀਟੀਆਈ