ਦੇਹਰਾਦੂਨ, 17 ਸਤੰਬਰ
ਕੇਦਾਰਨਾਥ ਦੇ ਪੁਜਾਰੀਆਂ ਦੀ ਇੱਕ ਧਿਰ ਨੇ ਹਿਮਾਲਿਆਈ ਮੰਦਰ ਦੇ ਪਾਵਨ ਅਸਥਾਨ ਦੇ ਅੰਦਰ ਇਮਾਰਤਾਂ ’ਤੇ ਸੋਨੇ ਦੀ ਪਰਤ ਚੜ੍ਹਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਦੀਆਂ ਪੁਰਾਣੀਆਂ ਪ੍ਰੰਪਰਾਵਾਂ ਨਾਲ ਛੇੜਛਾੜ ਹੈ। ਸੋਨੇ ਦੀ ਪਰਤ ਚੜ੍ਹਾਉਣ ਦਾ ਵਿਰੋਧ ਕਰਨ ਵਾਲੇ ਤੀਰਥ ਪੁਜਾਰੀ (ਪੁਰੋਹਿਤ) ਇਸ ਗੱਲ ਤੋਂ ਨਾਰਾਜ਼ ਹਨ ਕਿ ਇਸ ਪ੍ਰਕਿਰਿਆ ਵਿੱਚ ਵੱਡੀਆਂ ਡਰਿੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਮੰਦਰ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਪ੍ਰਸਿੱਧ ਮੰਦਰ ਦੀਆਂ ਚਾਰ ਇਮਾਰਤਾਂ ’ਤੇ ਚਾਂਦੀ ਦੀ ਪਰਤ ਚੜ੍ਹੀ ਹੋਈ ਹੈ, ਜਿਸ ਨੂੰ ਉਤਾਰ ਕੇ ਸੋਨੇ ਦੀ ਪਰਤ ਚੜ੍ਹਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਇੱਕ ਸ਼ਿਵ ਭਗਤ ਨੇ ਮੰਦਰ ਦੀਆਂ ਇਮਾਰਤਾਂ ’ਤੇ ਸੋਨੇ ਦੀ ਪਰਤ ਚੜ੍ਹਾਉਣ ਦੀ ਸੇਵਾ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਸੂਬਾ ਸਰਕਾਰ ਦੀ ਮਨਜ਼ੂਰੀ ਮਗਰੋਂ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਸਵੀਕਾਰ ਕਰ ਲਿਆ। ਕੇਦਾਰਨਾਥ ਦੇ ਇੱਕ ਤੀਰਥ ਪੁਜਾਰੀ ਸੰਤੋਸ਼ ਤ੍ਰਿਵੇਦੀ ਨੇ ਕਿਹਾ ਕਿ ਸੋਨੇ ਦੀ ਪਰਤ ਚੜ੍ਹਾਉਣ ਨਾਲ ਮੰਦਰ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚ ਰਿਹੈ। ਇਸ ਕੰਮ ਲਈ ਵੱਡੀਆਂ ਡਰਿੱਲ ਮਸ਼ੀਨਾਂ ਵਰਤੀਆਂ ਜਾ ਰਹੀਆਂ ਹਨ। ਉਹ ਮੰਦਰ ਦੀਆਂ ਸਦੀਆਂ ਪੁਰਾਣੀਆਂ ਪ੍ਰੰਪਰਾਵਾਂ ਨਾਲ ਛੇੜਛਾੜ ਬਰਦਾਸ਼ਤ ਨਹੀਂ ਕਰ ਸਕਦੇ। -ਪੀਟੀਆਈ