ਨਵੀਂ ਦਿੱਲੀ (ਟਨਸ): ਕਨਫੈਡਰੇਸ਼ਨ ਆਫ ਨਿਊਜ਼ ਪੇਪਰ ਅਤੇ ਨਿਊਜ਼ ਏਜੰਸੀਜ਼ ਐਂਪਲਾਈਜ਼ ਆਰਗੇਨਾਈਜੇਸ਼ਨ ਵੱਲੋਂ ਅਖਬਾਰਾਂ, ਖ਼ਬਰ ਏਜੰਸੀਆਂ ਅਤੇ ਟੀਵੀ ਚੈਨਲਾਂ ਵਿੱਚ ਮੁਲਾਜ਼ਮਾਂ ਨੂੰ ਕਥਿਤ ਰੂਪ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਕੱਢਣ ਵਿਰੁੱਧ 9 ਅਗਸਤ ਨੂੰ ਸੰਸਦ ਭਵਨ ’ਚ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਸੌਂਪੇ ਜਾਣਗੇ। ਕਨਫੈਡਰੇਸ਼ਨ ਦੇ ਪ੍ਰਧਾਨ ਰਾਸ ਬਿਹਾਰੀ ਅਤੇ ਮੁੱਖ ਸਕੱਤਰ ਐੱਮਐੱਸ ਯਾਦਵ ਨੇ ਦੱਸਿਆ ਕਿ ਦੇਸ਼ ਭਰ ਵਿੱਚ ਅਖਬਾਰਾਂ ਅਤੇ ਟੀਵੀ ਚੈਨਲਾਂ ’ਚੋਂ ਪੱਤਰਕਾਰਾਂ ਅਤੇ ਗੈਰ ਪੱਤਰਕਾਰ ਮੁਲਾਜ਼ਮਾਂ ਨੂੰ ਵੱਡੇ ਪੈਮਾਨੇ ’ਤੇ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਰੋਨਾ ਕਾਲ ਵਿੱਚ ਮਹਾਮਾਰੀ ਦੇ ਬਹਾਨੇ ਲੱਖਾਂ ਮੁਲਾਜ਼ਮਾਂ ਨੂੰ ਮੀਡੀਆ ਅਦਾਰਿਆਂ ’ਚੋਂ ਬਿਨਾਂ ਕਿਸੇ ਮੁਆਵਜ਼ੇ ਦੇ ਕੱਢਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕਨਫੈਡਰੇਸ਼ਨ ਵੱਲੋਂ ਵਰਕਿੰਗ ਜਨਰਲਿਸਟ ਐਕਟ ਦੀ ਬਹਾਲੀ ਅਤੇ ਪੱਤਰਕਾਰ ਸੁਰੱਖਿਆ ਕਾਨੂੰਨ ਦੀ ਮੰਗ ਨੂੰ ਵੱਡੇ ਪੱਧਰ ’ਤੇ ਚੁੱਕਿਆ ਜਾਵੇਗਾ। ਇਸ ਦੇ ਨਾਲ ਹੀ ਮੀਡੀਆ ਕਰਮੀਆਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਜਾਵੇਗਾ।