ਬਰੇਲੀ, 19 ਮਾਰਚ
ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਇੱਥੇ ਸ਼ੁੱਕਰਵਾਰ ਨੂੰ ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਖਿਲਾਫ਼ ਮੁਜ਼ਾਹਰਾ ਕਰਦਿਆਂ ਉਸ ਦੀ ਗ੍ਰਿਫ਼ਤਾਰੀ ਮੰਗ ਕੀਤੀ। ਵਸੀਮ ਰਿਜ਼ਵੀ ਨੇ ਕੁਰਾਨ ’ਚੋਂ 26 ਆਇਤਾਂ ਹਟਾਉਣ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ’ਚ ਪਾਈ ਹੈ, ਜਿਸ ਕਾਰਨ ਮੁਸਲਿਮ ਭਾਈਚਾਰੇ ਵੱਲੋਂ ਉਸ ਖ਼ਿਲਾਫ਼ ਮੁਜ਼ਾਹਰੇ ਕੀਤੇ ਜਾ ਰਹੇ ਹਨ। ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਬਰੇਲੀ ਦੇ ਪੁਰਾਣੇ ਸ਼ਹਿਰੀ ਇਲਾਕੇ ’ਚ ਮਾਰਚ ਕੱਢਦਿਆਂ ਰਿਜ਼ਵੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਅਤੇ ਰਾਸ਼ਟਰਪਤੀ ਦੇ ਨਾਂ ਮੈਮੋਰੰਡਮ ਇੱਕ ਸੀਨੀਅਰ ਅਧਿਕਾਰੀ ਨੂੰ ਸੌਂਪਿਆ ਗਿਆ। ਇਸ ਮੌਕੇ ਮੁਸਲਿਮ ਆਗੂ ਸਮਰਾਨ ਖ਼ਾਨ ਨੇ ਕਿਹਾ, ‘ਇਸ ਵਾਰ ਉਸ (ਰਿਜ਼ਵੀ) ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਸ ਵੱਲੋਂ ਕੁਰਾਨ ’ਚੋਂ ਆਇਤਾਂ ਹਟਾਏ ਜਾਣ ਦੀ ਗੱਲ ਕਰਨ ਨਾਲ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਇਸ ਤੋਂ ਪਹਿਲਾਂ ਕਿ ਉਹ ਕਿਸੇ ਵੱਡੀ ਦਾ ਸਮੱਸਿਆ ਦਾ ਕਾਰਨ ਬਣੇ, ਉਸ ਨੂੰ ਕਾਬੂ ’ਚ ਰੱਖਣ ਦੀ ਲੋੜ ਹੈ।’ ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਰਿਜ਼ਵੀ ਦੀ ਅਪੀਲ ਖਾਰਜ ਕਰਨ ਅਤੇ ਸੋਸ਼ਲ ਮੀਡੀਆ ’ਤੇ ਉਸ ਦੀਆਂ ਵੀਡੀਓਜ਼ ਤੇ ਆਡੀਓਜ਼ ਤੇ ਪਾਬੰਦੀ ਲਾਉਣ ਦੀ ਅਪੀਲ ਵੀ ਕੀਤੀ। ਇਸੇ ਦੌਰਾਨ ਬਰੇਲੀ ਦੀ ਜਾਮਾ ਮਸਜਿਦ ਤੋਂ ਜੁੰਮੇ ਦੀ ਨਮਾਜ਼ ਦੌਰਾਨ ਵਸੀਮ ਰਿਜ਼ਵੀ ਖ਼ਿਲਾਫ਼ ਸਖ਼ਤ ਐਕਸ਼ਨ ਦਾ ਸੱਦਾ ਵੀ ਦਿੱਤਾ ਗਿਆ।-ਪੀਟੀਆਈ