ਆਗਰਾ, 23 ਜੂਨ
ਇੱਥੇ ਅੱਜ ਭਾਜਪਾ ਦੀ ਸੰਸਦ ਮੈਂਬਰ ਅਤੇ ਜਾਨਵਰਾਂ ਦੇ ਅਧਿਕਾਰਾਂ ਸਬੰਧੀ ਕਾਰਕੁਨ ਮੇਨਕਾ ਗਾਂਧੀ ਵੱਲੋਂ ਸ਼ਹਿਰ ਦੇ ਇਕ ਵੈਟਰਨਰੀ ਡਾਕਟਰ ਨੂੰ ਕਥਿਤ ਤੌਰ ’ਤੇ ਫੋਨ ਕਰ ਕੇ ਅਪਮਾਨਜਨਕ ਸ਼ਬਦ ਕਹੇ ਜਾਣ ਅਤੇ ਉਸ ਦਾ ਲਾਇਸੈਂਸ ਰੱਦ ਕਰਵਾਉਣ ਦੀ ਧਮਕੀ ਦੇਣ ਤੋਂ ਭੜਕੇ ਵੈਟਰਨਰੀ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਹ ਪ੍ਰਦਰਸ਼ਨ ਇਕ ਆਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਹੋਇਆ। ਇਸ ਆਡੀਓ ਕਲਿੱਪ ਵਿਚ ਮੇਨਕਾ ਗਾਂਧੀ ਵੈਟਰਨਰੀ ਡਾਕਟਰ ਐੱਨ.ਐੱਲ. ਗੁਪਤਾ ਨੂੰ ਕਿਸੇ ਵਿਅਕਤੀ ਕੋਲੋਂ ਉਸ ਦੇ ਕੁੱਤੇ ਦਾ ਅਪ੍ਰੇਸ਼ਨ ਕਰਨ ਲਈ ਲਏ ਪੈਸੇ ਵਾਪਸ ਕਰਨ ਲਈ ਕਹਿ ਰਹੀ ਹੈ। ਹਾਲਾਂਕਿ, ਆਡੀਓ ਕਲਿੱਪ ਵਿਚਲੀ ਆਵਾਜ਼ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਵੈਟਰਨਰੀ ਡਾਕਟਰ ਦਾ ਦੋਸ਼ ਹੈ ਕਿ ਉਸ ਨੂੰ ਸੀਤਾਪੁਰ ਦੀ ਸੰਸਦ ਮੈਂਬਰ ਦਾ ਫੋਨ ਆਇਆ ਸੀ। ਭਾਰਤੀ ਵੈਟਰਨਰੀ ਐਸੋਸੀਏਸ਼ਨ ਦੀ ਆਗਰਾ ਇਕਾਈ ਦੇ ਮੈਂਬਰਾਂ ਨੇ ਅੱਜ ਇੱਥੇ ਮੇਨਕਾ ਗਾਂਧੀ ਵਿਰੁੱਧ ਨਾਅਰੇਬਾਜ਼ੀ ਕੀਤੀ।
ਸੰਸਦ ਮੈਂਬਰ ਦਾ ਕਹਿਣਾ ਹੈ ਕਿ ਅਪ੍ਰੇਸ਼ਨ ਤੋਂ ਬਾਅਦ ਟਾਂਕੇ ਨਾ ਲੱਗੇ ਹੋਣ ’ਤੇ ਕੁੱਤੇ ਨੂੰ ਇਕ ਦੂਜੇ ਵੈਟਰਨਰੀ ਡਾਕਟਰ ਕੋਲ ਲਿਜਾਇਆ ਗਿਆ ਤਾਂ ਉਸ ਨੇ ਦੱਸਿਆ ਕਿ ਕੁੱਤੇ ਦਾ ਆਪ੍ਰੇਸ਼ਨ ਠੀਕ ਨਹੀਂ ਹੋਇਆ। ਸ੍ਰੀਮਤੀ ਗਾਂਧੀ ਨੇ ਵੈਟਰਨਰੀ ਡਾਕਟਰ ਗੁਪਤਾ ਦੀ ਵਿਦਿਅਕ ਯੋਗਤਾ ’ਤੇ ਵੀ ਸਵਾਲ ਉਠਾਏ। ਉਪਰੰਤ ਸੰਸਦ ਮੈਂਬਰ ਨੇ ਉਸ ਨੂੰ ਦੋ ਬਦਲ ਦਿੱਤੇ ਕਿ ਜਾਂ ਤਾਂ ਉਹ ਅਪ੍ਰੇਸ਼ਨ ਲਈ ਲਏ ਪੈਸੇ ਮੋੜ ਦੇਵੇ ਜਾਂ ਫਿਰ ਆਪਣਾ ਲਾਇਸੈਂਸ ਮੁਅੱਤਲ ਕਰਵਾਉਣ ਲਈ ਤਿਆਰ ਰਹੇ। ਚੀਫ਼ ਵੈਟਰਨਰੀ ਡਾਕਟਰ ਵੀ.ਐੱਸ. ਤੋਮਰ ਨੇ ਕਿਹਾ ਕਿ ਡਾਕਟਰ ਦੀ ਡਿਗਰੀ ਬਾਰੇ ਜਾਂਚ ਚੱਲ ਰਹੀ ਹੈ। -ਪੀਟੀਆਈ