ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਕਰਕੇ ਦੇਸ਼ ਨੂੰ ਦਰਪੇਸ਼ ਕਰੋਨਾ ਸੰਕਟ ਦਰਮਿਆਨ ਦਿੱਲੀ ਹਾਈ ਕੋਰਟ ਵਿੱਚ ਅੱਜ ਜਨਹਿੱਤ ਪਟੀਸ਼ਨ ਦਾਖ਼ਲ ਕਰਕੇ ਸੈਂਟਰਲ ਵਿਸਟਾ ਪ੍ਰਾਜੈਕਟ ਦੀਆਂ ਉਸਾਰੀ ਸਰਗਰਮੀਆਂ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਜਸਟਿਸ ਡੀ.ਐੱਨ.ਪਟੇਲ ਤੇ ਜਸਮੀਤ ਸਿੰਘ ਦੀ ਸ਼ਮੂਲੀਅਤ ਵਾਲੇ ਬੈਂਚ ਅੱਗੇ ਪਟੀਸ਼ਨ ਦਾ ਵਿਰੋਧ ਕੀਤਾ ਸੀ। ਹਾਈ ਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਕਿਹਾ ਕਿ ਉਹ ਸੁਪਰੀਮ ਕੋਰਟ ਵੱਲੋਂ ਇਸ ਪ੍ਰਾਜੈਕਟ ਦੀ ਉਸਾਰੀ ਲਈ ਹਰੀ ਝੰਡੀ ਦੇਣ ਦੇ ਫੈਸਲੇ ਨੂੰ ਪਹਿਲਾਂ ਪੜ੍ਹਨਾ ਚਾਹੇਗੀ। ਕੋਰਟ ਨੇ ਕੇਸ ਦੀ ਅਗਲੀ ਤਰੀਕ 17 ਮਈ ਨਿਰਧਾਰਿਤ ਕਰ ਦਿੱਤੀ ਹੈ। -ਪੀਟੀਆਈ