ਪੁਡੂਚੇਰੀ, 3 ਅਕਤੂਬਰ
ਪੁਡੂਚੇਰੀ ਪੁਲੀਸ ਨੇ ਬਿਜਲੀ ਵਿਭਾਗ ਦੇ ਹੜਤਾਲ ’ਤੇ ਚੱਲ ਰਹੇ 300 ਤੋਂ ਵੱਧ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੁਲਾਜ਼ਮ ਬਿਜਲੀ ਵੰਡ ਦਾ ਕੰਮ ਨਿੱਜੀ ਹੱਥਾਂ ਵਿੱਚ ਦੇਣ ਦੀ ਤਜਵੀਜ਼ ਦਾ ਵਿਰੋਧ ਕਰ ਰਹੇ ਹਨ। ਬਿਜਲੀ ਮੁਲਾਜ਼ਮ ਬੀਤੀ ਦੇਰ ਰਾਤ ਉੱਪਲਾਮ ਵਿੱਚ ਬਿਜਲੀ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਉਨ੍ਹਾਂ ਨੂੰ ਇੱਥੋਂ ਜਾਣ ਦੀ ਅਪੀਲ ਕੀਤੀ, ਪਰ ਸਟਾਫ ਦਾ ਪ੍ਰਦਰਸ਼ਨ ਜਾਰੀ ਰਿਹਾ। ਪੁਲੀਸ ਨੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੂੰ ਬੀਤੀ ਰਾਤ ਹਿਰਾਸਤ ਵਿੱਚ ਲੈ ਲਿਆ ਅਤੇ ਸਰਕਾਰ ਵੱਲੋਂ ਚਲਾਏ ਜਾਂਦੇ ਜੇਆਈਪੀਐੱਮਈਆਰ ਭਵਨ ਦੇ ਕਮਿਊਟੀ ਹਾਲ ਵਿੱਚ ਬੰਦ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਬਿਜਲੀ ਵਿਭਾਗ ਦੇ ਸਟਾਫ਼ ਦੀ ਹੜਤਾਲ ਨੂੰ ‘ਗ਼ੈਰਕਾਨੂੰਨੀ’ ਐਲਾਨਿਆ ਸੀ। -ਪੀਟੀਆਈ