ਨਵੀਂ ਦਿੱਲੀ, 17 ਸਤੰਬਰ
ਭਾਰਤੀ ਫੌਜ ਨੇ ਕਸ਼ਮੀਰ ਦੇ ਕਾਰੇਵਾ ਖੇਤਰ ’ਚੋਂ ਅੱਜ 52 ਕਿਲੋ ਧਮਾਕਾਖੇਜ਼ ਸਮੱਗਰੀ ਬਰਾਮਦ ਕਰਕੇ ਪੁਲਵਾਮਾ ਹਮਲੇ ਦੀ ਤਰਜ਼ ’ਤੇ ਇਕ ਹੋਰ ਦਹਿਸ਼ਤੀ ਹਮਲੇ ਦੀ ਯੋਜਨਾ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਉਂਜ ਜਿਸ ਥਾਂ ’ਤੋਂ ਇਹ ਸਮੱਗਰੀ ਬਰਾਮਦ ਹੋਈ ਹੈ, ਉਹ ਪਿਛਲੇ ਸਾਲ ਜੰਮੂ ਤੇ ਕਸ਼ਮੀਰ ਸ਼ਾਹਰਾਹ ਉੱਤੇ ਹੋਏ ਪੁਲਵਾਮਾ ਹਮਲੇ ਵਾਲੀ ਥਾਂ ਤੋਂ ਕਰੀਬ 9 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਕ ਫੌਜੀ ਅਧਿਕਾਰੀ ਨੇ ਕਿਹਾ ਕਿ ਅੱਜ ਸਵੇਰੇ ਅੱਠ ਵਜੇ ਦੇ ਕਰੀਬ ਗੜੀਕਾਲ ਦੇ ਕਾਰੇਵਾ ਖੇਤਰ ’ਚ ਪਾਣੀ ਦੀ ਟੈਂਕੀ ’ਚੋਂ ਧਮਾਕਾਖੇਜ਼ ਸਮੱਗਰੀ ਮਿਲੀ ਹੈ। ਅਧਿਕਾਰੀ ਨੇ ਕਿਹਾ ਕਿ 125 ਗ੍ਰਾਮ ਵਜ਼ਨੀ 416 ਪੈਕੇਟ ਬਰਾਮਦ ਕੀਤੇ ਗਏ ਹਨ ਜਦੋਂਕਿ ਤਲਾਸ਼ੀ ਦੌਰਾਨ ਇਕ ਵੱਖਰੇ ਟੈਂਕ ’ਚੋਂ 50 ਦੇ ਕਰੀਬ ਡੈਟੋਨੇਟਰ ਮਿਲੇ ਹਨ। -ਪੀਟੀਆਈ