ਪੁਣੇ, 1 ਜੂਨ
ਪੁਣੇ ਪੁਲੀਸ ਨੇ ‘ਪੌਸ਼’ ਕਾਰ ਹਾਦਸੇ ਦੇ ਮਾਮਲੇ ਵਿੱਚ ਨਾਬਾਲਗ ਮੁਲਜ਼ਮ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਹਿਰ ਦੇ ਪੁਲੀਸ ਕਮਿਸ਼ਨਰ ਨੇ ਅੱਜ ਇਹ ਜਾਣਕਾਰੀ ਦਿੱਤੀ। ਨਾਬਾਲਗ ਦੀ ਮਾਂ ਨੂੰ ਇਸ ਗੱਲ ਦੀ ਪੁਸ਼ਟੀ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ ਕਿ ਨਾਬਾਲਗ ਦੇ ਖ਼ੂਨ ਦੇ ਨਮੂਨੇ ਉਸ (ਮਾਂ) ਦੇ ਖ਼ੂਨ ਦੇ ਨਮੂਨੇ ਨਾਲ ਬਦਲੇ ਗਏ ਸਨ।
ਪੁਲੀਸ ਨੇ ਆਪਣੀ ਜਾਂਚ ਤਹਿਤ ਨਾਬਾਲਗ ਕੋਲੋਂ ਉਸ ਦੀ ਮਾਂ ਦੀ ਮੌਜੂਦਗੀ ਵਿੱਚ ਉਸ ਸੁਧਾਰ ਘਰ ਵਿੱਚ ਇਕ ਘੰਟਾ ਪੁੱਛ-ਪੜਤਾਲ ਕੀਤੀ ਜਿੱਥੇ ਉਸ ਨੂੰ 5 ਜੂਨ ਤੱਕ ਰੱਖਿਆ ਗਿਆ ਹੈ।
ਪੁਲੀਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਹਾਦਸੇ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਨਾਬਾਲਗ ਦੇ ਖ਼ੂਨ ਦੇ ਨਮੂਨੇ ਉਸ ਦੀ ਮਾਂ ਦੇ ਖ਼ੂਨ ਦੇ ਨਮੂਨਿਆਂ ਨਾਲ ਬਦਲੇ ਗਏ ਸਨ। ਪੁਲੀਸ ਨੇ ਦੋ ਦਿਨ ਪਹਿਲਾਂ ਇਕ ਸਥਾਨਕ ਅਦਾਲਤ ਵਿੱਚ ਕਿਹਾ ਸੀ ਕਿ ਨਾਬਾਲਗ ਦੇ ਖ਼ੂਨ ਦੇ ਨਮੂਨੇ ਇਕ ਮਹਿਲਾ ਦੇ ਖ਼ੂਨ ਦੇ ਨਮੂਨੇ ਨਾਲ ਬਦਲੇ ਗਏ ਸਨ। ਵਧੀਕ ਪੁਲੀਸ ਕਮਿਸ਼ਨਰ (ਅਪਰਾਧ) ਸ਼ੈਲੇਸ਼ ਬਲਕਵੜੇ ਨੇ ਪੁਲੀਸ ਵੱਲੋਂ ਨਾਬਾਲਗ ਕੋਲੋਂ ਪੁੱਛ-ਪੜਤਾਲ ਕੀਤੇ ਜਾਣ ਤੋਂ ਪਹਿਲਾਂ ਕਿਹਾ, ‘‘ਅਸੀਂ ਨਾਬਾਲਗ ਕੋਲੋਂ ਉਸ ਦੀ ਮਾਂ ਦੀ ਮੌਜੂਦਗੀ ਵਿੱਚ ਸੁਧਾਰ ਘਰ ’ਚ ਪੁੱਛ-ਪੜਤਾਲ ਕਰਾਂਗੇ।’’ ਜੁਵੇਨਾਈਲ ਜਸਟਿਸ ਬੋਰਡ ਨੇ ਨਾਬਾਲਗ ਕੋਲੋਂ ਪੁੱਛ-ਪੜਤਾਲ ਕਰਨ ਲਈ ਸ਼ੁੱਕਰਵਾਰ ਨੂੰ ਪੁਲੀਸ ਨੂੰ ਇਜਾਜ਼ਤ ਦੇ ਦਿੱਤੀ ਸੀ। ਜੁਵੇਨਾਈਲ ਜਸਟਿਸ ਐਕਟ ਤਹਿਤ ਕਿਸੇ ਨਾਬਾਲਗ ਕੋਲੋਂ ਪੁੱਛ-ਪੜਤਾਲ ਉਸ ਦੇ ਮਾਪਿਆਂ ਦੀ ਮੌਜੂਦਗੀ ਵਿੱਚ ਹੀ ਕੀਤੀ ਜਾ ਸਕਦੀ ਹੈ। -ਪੀਟੀਆਈ