ਜਗਮੋਹਨ ਸਿੰਘ
ਰੂਪਨਗਰ, 20 ਅਪਰੈਲ
ਰੂਪਨਗਰ ਪੁਲੀਸ ਨੇ ਕਵੀ ਕੁਮਾਰ ਵਿਸ਼ਵਾਸ ਅਤੇ ਕਾਂਗਰਸੀ ਨੇਤਾ ਅਲਕਾ ਲਾਂਬਾ ਖ਼ਿਲਾਫ਼ ਥਾਣਾ ਸਦਰ ਰੂਪਨਗਰ ਵਿਖੇ ਦਰਜ ਕੀਤੇ ਕੇਸ ਦੇ ਸਬੰਧ ਵਿੱਚ ਸਬੂਤਾਂ ਸਹਿਤ ਆਪਣਾ ਸਪੱਸ਼ਟੀਕਰਨ ਦੇਣ ਲਈ ਨੋਟਿਸ ਭੇਜਿਆ ਗਿਆ ਹੈ। ਇਸ ਸਬੰਧੀ ਐੱਸਪੀ (ਆਰ) ਰੂਪਨਗਰ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਜਦੋਂ ਉਹ ਆਪਣੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨਾਲ ਪਿੰਡਾਂ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਘੁੰਮ ਰਿਹਾ ਸੀ ਤਾਂ ਕੁਝ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਨੂੰ ਖ਼ਾਲਿਸਤਾਨੀ ਕਿਹਾ। ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਹ ਸਭ ਕੁਝ ਉਦੋਂ ਸ਼ੁਰੂ ਹੋਇਆ ਜਦੋਂ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਨੇ ਵੱਖ-ਵੱਖ ਇੰਟਰਵਿਊਆਂ ਵਿੱਚ ਨਿਊਜ਼ ਚੈਨਲਾਂ/ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ਭੜਕਾਊ ਬਿਆਨ ਦਿੱਤੇ ਅਤੇ ‘ਆਪ’ ਦੇ ਵੱਖਵਾਦੀ ਤੱਤਾਂ ਨਾਲ ਸਬੰਧਾਂ ਦਾ ਦੋਸ਼ ਲਗਾਇਆ। ਇਨ੍ਹਾਂ ਬਿਆਨਾਂ ਅਤੇ ਵੀਡੀਓਜ਼ ਦੇ ਸਿੱਟੇ ਵਜੋਂ ਪੰਜਾਬ ਸੂਬੇ ਦਾ ਸ਼ਾਂਤਮਈ ਮਾਹੌਲ ਖਰਾਬ ਹੋਣ ਦਾ ਖਦਸ਼ਾ ਹੈ, ਜਿਸ ਕਰਕੇ ਪੁਲੀਸ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ ਤੇ ਥਾਣਾ ਸਦਰ ਰੂਪਨਗਰ ਵਿਖੇ 12 ਅਪਰੈਲ ਨੂੰ 153, 153 ਏ, 505, 505 (2), 116 ਆਰ/ਡਬਲਿਊ 143, 147, 323, 341, 120-ਬੀ ਆਈ.ਪੀ.ਸੀ. ਅਤੇ 125 ਲੋਕ ਪ੍ਰਤੀਨਿਧ ਐਕਟ ਅਧੀਨ ਸਦਰ ਸਟੇਸ਼ਨ ਰੂਪਨਗਰ ਵਿੱਚ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਪੰਜਾਬ ਪੁਲੀਸ ਕਵੀ ਕੁਮਾਰ ਵਿਸ਼ਵਾਸ ਦੇ ਗਾਜ਼ੀਆਬਾਦ ਸਥਿਤ ਘਰ ਪੁੱਜੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਨੇ ਟਵੀਟ ਕਰਕੇ ਦੱਸਿਆ ਕਿ ਪੰਜਾਬ ਪੁਲੀਸ ਅੱਜ ਸਵੇਰੇ ਉਨ੍ਹਾਂ ਦੇ ਘਰ ਪਹੁੰਚੀ। ਉਨ੍ਹਾਂ ਨੇ ਆਪਣੇ ਘਰ ਪੁੱਜੀ ਪੁਲੀਸ ਵਾਲਿਆਂ ਦੀਆਂ ਕੁਝ ਤਸਵੀਰਾਂ ਵੀ ਟਵੀਟ ਕੀਤੀਆਂ। ਉਨ੍ਹਾਂ ਕਿਹਾ ਕਿਸ ਸਵੇਰੇ ਪੰਜਾਬ ਪੁਲੀਸ ਉਨ੍ਹਾਂ ਦੇ ਘਰ ਪੁੱਜੀ। ਇਕ ਸਮੇਂ ਮੇਰੇ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਵਾਏ ਗਏ ਭਗਵੰਤ ਮਾਨ ਨੂੰ ਸਾਵਧਾਨ ਕਰਦਾ ਹਾਂ ਕਿ ਉਹ ਦਿੱਲੀ ’ਚ ਬੈਠੇ ਜਿਸ ਆਦਮੀ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਤਾਕਤ ਨਾਲ ਖੇਡਣ ਦੇ ਰਹੇ ਹਨ ਉਹ ਇਕ ਦਿਨ ਮਾਨ ਤੇ ਪੰਜਾਬ ਨੂੰ ਧੋਖਾ ਦੇਵੇਗਾ। ਮੇਰੀ ਚੇਤਾਵਨੀ ਯਾਦ ਰੱਖੀਂ। ਇਸ ਦੌਰਾਨ ਅੱਜ ਸਵੇਰੇ ਕਵੀ ਕੁਮਾਰ ਵਿਸ਼ਵਾਸ ਦੇ ਘਰ ਜਾਣ ਤੋਂ ਬਾਅਦ ਪੰਜਾਬ ਪੁਲੀਸ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਘਰ ਪੁੱਜ ਗਈ। ਅਲਕਾ ਲਾਂਬਾ ਨੇ ਵੀ ਕੁਮਾਰ ਵਿਸ਼ਵਾਸ ਵਾਂਗ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, ‘ਪੰਜਾਬ ਪੁਲੀਸ ਮੇਰੇ ਘਰ ਪਹੁੰਚ ਗਈ ਹੈ।’ ਸਵੇਰੇ ਜਦੋਂ ਕੁਮਾਰ ਦੇ ਘਰ ਪੁਲੀਸ ਪੁੱਜੀ ਸੀ ਤਾਂ ਅਲਕਾ ਨੇ ਟਵੀਟ ਕਰਕੇ ਕਿਹਾ ਸੀ ਕਿ ਹੁਣ ਸਮਝ ਆਈ ਕਿ ਆਪ ਨੂੰ ਪੁਲੀਸ ਕਿਉਂ ਚਾਹੀਦੀ ਹੈ।