ਜਗਮੋਹਨ ਸਿੰਘ/ਏਜੰਸੀ
ਰੂਪਨਗਰ/ਚੰਡੀਗੜ੍ਹ, 20 ਅਪਰੈਲ
ਮੁੱਖ ਅੰਸ਼
- ਘਰਾਂ ਦੇ ਬਾਹਰ ਨੋਟਿਸ ਚਿਪਕਾਏ
- 26 ਅਪਰੈਲ ਤੱਕ ਪੇਸ਼ ਹੋਣ ਲਈ ਕਿਹਾ
ਰੂਪਨਗਰ ਪੁਲੀਸ ਦੀ ਟੀਮ ਆਈਟੀ ਐਕਟ ਤਹਿਤ ਦਰਜ ਕੇਸ ਵਿੱਚ ਅੱਜ ਸਾਬਕਾ ‘ਆਪ’ ਆਗੂਆਂ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦੀਆਂ ਕ੍ਰਮਵਾਰ ਗਾਜ਼ੀਆਬਾਦ(ਯੂਪੀ) ਤੇ ਦਿੱਲੀ ਸਥਿਤ ਘਰਾਂ ’ਤੇ ਪਹੁੰਚ ਗਈ। ਪੁਲੀਸ ਨੇ ਘਰਾਂ ਦੇ ਬਾਹਰ ਨੋਟਿਸ ਚਸਪਾ ਕਰਕੇ ਦੋਵਾਂ ਨੂੰ 26 ਅਪਰੈਲ ਲਈ ਸੰਮਨ ਕੀਤਾ ਹੈ। ਕੁਮਾਰ ਵਿਸ਼ਵਾਸ ਖਿਲਾਫ਼ 12 ਅਪਰੈਲ ਨੂੰ ਰੂਪਨਗਰ ਦੇ ਸਦਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਜਦੋਂਕਿ ਲਾਂਬਾ ਨੂੰ ਮਗਰੋਂ ਕੇਸ ਵਿੱਚ ਨਾਮਜ਼ਦ ਕੀਤਾ ਗਿਆ। ਕੁਮਾਰ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਥਿਤ ਵੱਖਵਾਦੀ ਅਨਸਰਾਂ ਨਾਲ ਸਬੰਧਾਂ ਦੇ ਹਵਾਲੇ ਨਾਲ ਨਿਊਜ਼ ਚੈਨਲਾਂ ਤੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਭੜਕਾਊ ਟਿੱਪਣੀਆਂ ਕੀਤੀਆਂ ਸਨ।
ਰੂਪਨਗਰ ਦੇ ਐੱਸਐੱਸਪੀ ਸੰਦੀਪ ਗਰਗ ਨੇ ਕੁਮਾਰ ਵਿਸ਼ਵਾਸ ਖਿਲਾਫ਼ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ, ‘‘ਅਸੀਂ ਕੁਮਾਰ ਵਿਸ਼ਵਾਸ ਖਿਲਾਫ਼ ਕਾਨੂੰਨ ਵਿਚਲੀਆਂ ਸਬੰਧਤ ਵਿਵਸਥਾਵਾਂ ਤਹਿਤ ਕੇਸ ਦਰਜ ਕੀਤਾ ਹੈ।’’ ਉਧਰ ਐੱਸਪੀ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਪੁਲੀਸ ਨੂੰ ਇਕ ਵਿਅਕਤੀ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਹਮਾਇਤੀਆਂ ਨਾਲ ਪਿੰਡਾਂ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਘੁੰਮ ਰਿਹਾ ਸੀ। ਇਸ ਦੌਰਾਨ ਕੁਝ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਕੇ ‘ਖਾਲਿਸਤਾਨੀ’ ਕਿਹਾ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਕੁਮਾਰ ਵਿਸ਼ਵਾਸ ਦੇ ਉਪਰੋਕਤ ਭੜਕਾਊ ਬਿਆਨਾਂ ਮਗਰੋਂ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਐੱਸਪੀ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ਆਈਪੀਸੀ ਤੇ ਲੋਕ ਨੁਮਾਇੰਦਗੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਦੇ ਉਪਰੋਕਤ ਬਿਆਨਾਂ ਤੇ ਵੀਡੀਓਜ਼ ਨਾਲ ਪੰਜਾਬ ਦਾ ਸ਼ਾਂਤਪੂਰਨ ਮਾਹੌਲ ਖਰਾਬ ਹੋੋਣ ਦੇ ਆਸਾਰ ਹਨ। ਲਿਹਾਜ਼ਾ ਕੁਮਾਰ ਦੀ ਗਾਜ਼ੀਆਬਾਦ ਸਥਿਤ ਰਿਹਾਇਸ਼ ਦੇ ਬਾਹਰ ਨੋਟਿਸ ਚਸਪਾ ਕਰਕੇ ਉਸ ਨੂੰ ਆਪਣੇ ਵੱਲੋਂ ਲਾਏ ਦੋਸ਼ਾਂ ਸਬੰਧੀ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਹੈ। ਰੂਪਨਗਰ ਪੁਲੀਸ ਨੇ ਮਗਰੋਂ ਅਜਿਹਾ ਹੀ ਇਕ ਨੋਟਿਸ ਕਾਂਗਰਸ ਆਗੂ ਅਲਕਾ ਲਾਂਬਾ ਦੇ ਦਿੱਲੀ ਸਥਿਤ ਘਰ ਦੀ ਦੀਵਾਰ ’ਤੇ ਵੀ ਚਸਪਾ ਕੀਤਾ ਹੈ। ਲਾਂਬਾ ਨੂੰ ਜਾਰੀ ਨੋਟਿਸ ਵਿੱਚ ਸਵਾਲ ਕੀਤਾ ਗਿਆ ਹੈ ਕਿ ਉਸ ਨੇ ਕਿਸ ਆਧਾਰ ’ਤੇ ਕੁਮਾਰ ਵਿਸ਼ਵਾਸ ਦੇ ਉਪਰੋਕਤ ਬਿਆਨ ਦੀ ਹਮਾਇਤ ਕੀਤੀ।
ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਆਈ ‘ਆਪ’
ਚੰਡੀਗੜ੍ਹ: ਪੰਜਾਬ ਅਸੈਂਬਲੀ ਵਿੱਚ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਬਾਜਵਾ ਨੇ ਕਿਹਾ ਕਿ ‘ਆਪ’ ਬਦਲਾਅ ਦੇ ਵਾਅਦੇ ਨੇ ਸੱਤਾ ਵਿੱਚ ਆਈ ਸੀ, ਪਰ ਹੁਣ ਇੰਜ ਲਗਦਾ ਹੈ ਜਿਵੇਂ ਪਾਰਟੀ ਬਦਲਾਖੋਰੀ ’ਤੇ ਉਤਰ ਆਈ ਹੈ। ਬਾਜਵਾ ਨੇ ਕਿਹਾ ਕਿ ਇਹ ਸਿਆਸੀ ਵਿਰੋਧੀਆਂ ਨੂੰ ਅਸਿੱਧਾ ਸੁਨੇਹਾ ਹੈ ਕਿ ਉਹ ਪਾਰਟੀ ਦੀ ਹਾਂ ਵਿੱਚ ਹਾਂ ਮਿਲਾਉਣ ਜਾਂ ਫਿਰ ਕਾਰਵਾਈ ਲਈ ਤਿਆਰ ਰਹਿਣ। ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਸਿੱਧੂ ਨੇ ਟਵੀਟ ਕੀਤਾ, ‘‘ਪੰਜਾਬ ਸਰਕਾਰ ਅਰਵਿੰਦ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਬਣ ਗਈ ਹੈ…ਡਾ.ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਜੀ ਖਿਲਾਫ਼ ਪੁਲੀਸ ਕਾਰਵਾਈ ਸਾਬਤ ਕਰਦੀ ਹੈ ਕਿ ਕੇਜਰੀਵਾਲ ਦੇ ਆਲੋਚਕਾਂ ਨੂੰ ਚੁਪ ਕਰਾਉਣ ਲਈ ਪੁਲੀਸ ਦੀ ਵਰਤੋਂ ਹੋ ਰਹੀ ਹੈ…ਕਾਂਗਰਸ ਅਲਕਾ ਜੀ ਨਾਲ ਖੜੀ ਹੈ…ਪੰਜਾਬ ਪੁਲੀਸ ਦੇ ਸਿਆਸੀਕਰਨ ਖਿਲਾਫ਼ ਉਨ੍ਹਾਂ ਨਾਲ ਪੁਲੀਸ ਸਟੇਸ਼ਨ ਤੱਕ ਜਾਵਾਂਗਾ।’’ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਵੀ ਸਿਆਸੀ ਬਦਲਾਖੋਰੀ ਲਈ ਪੰਜਾਬ ਪੁਲੀਸ ਦੀ ਵਰਤੋਂ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। -ਪੀਟੀਆਈ
ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਵੱਲੋਂ ਜਵਾਬੀ ਹਮਲਾ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਰੂਪਨਗਰ ਪੁਲੀਸ ਵੱਲੋਂ ਗਾਜ਼ੀਆਬਾਦ ਸਥਿਤ ਆਪਣੇ ਘਰ ਦੇ ਬਾਹਰ ਚਸਪਾ ਕੀਤੇ ਨੋਟਿਸ ਲਈ ਕੁਮਾਰ ਵਿਸ਼ਵਾਸ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਪਲਟਵਾਰ ਕੀਤਾ ਹੈ। ਵਿਸ਼ਵਾਸ ਨੇ ਟਵਿੱਟਰ ’ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, ‘‘ਪੰਜਾਬ ਪੁਲੀਸ ਦੀ ਟੀਮ ਸਵੇਰੇ ਮੇਰੇ ਦਰਵਾਜ਼ੇ ’ਤੇ ਸੀ। ਮੈਂ ਭਗਵੰਤ ਮਾਨ ਨੂੰ ਸੁਚੇਤ ਕਰਦਾ ਹਾਂ ਕਿ ਦਿੱਲੀ ਵਿੱਚ ਬੈਠਾ ਵਿਅਕਤੀ ਇੱਕ ਦਿਨ ਤੁਹਾਡੇ ਤੇ ਪੰਜਾਬ, ਦੋਵਾਂ ਨਾਲ ਧੋਖਾ ਕਰੇਗਾ। ਦੇਸ਼ ਨੂੰ ਮੇਰੀ ਚੇਤਾਵਨੀ ਯਾਦ ਰੱਖਣੀ ਚਾਹੀਦੀ ਹੈ।’’ ਕੁਮਾਰ ਨੇ ਟਵੀਟ ਦੇ ਨਾਲ ਆਪਣੀ ਰਿਹਾਇਸ਼ ’ਤੇ ਪੁਲੀਸ ਕਰਮਚਾਰੀਆਂ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ। ਉਧਰ ਆਮ ਆਦਮੀ ਪਾਰਟੀ ਦੀ ਸਾਬਕਾ ਮੈਂਬਰ ਅਲਕਾ ਲਾਂਬਾ ਨੇ ਵੀ ਬਾਅਦ ਦੁਪਹਿਰ ਟਵੀਟ ਕਰਕੇ ਪੰਜਾਬ ਪੁਲੀਸ ਵੱਲੋਂ ਉਸ ਦੇ ਘਰ ਦਸਤਕ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ। ਲਾਂਬਾ ਨੇ ਟਵੀਟ ਕੀਤਾ, ‘‘ਪੰਜਾਬ ਪੁਲੀਸ ਮੇਰੇ ਘਰ ਪਹੁੰਚ ਗਈ ਹੈ। ਹੁਣ ਕਿਸੇ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਪੁਲੀਸ ਨੂੰ ਕਿਉਂ ਚਾਹੁੰਦੀ ਸੀ… ਜਿਵੇਂ ਕਿ ਭਾਜਪਾ ਆਪਣੇ ਵਿਰੋਧੀਆਂ ਨੂੰ ਡਰਾਉਣ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਕਰਦੀ ਹੈ। ਕੁਝ ਸ਼ਰਮ ਕਰੋ ਕੇਜਰੀਵਾਲ ਜੀ।’’ ਚੇਤੇ ਰਹੇ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਪੰਜਾਬ ਪੁਲੀਸ ਨੇ ਦਿੱਲੀ ਭਾਜਪਾ ਦੇ ਦੋ ਆਗੂਆਂ ਤਜਿੰਦਰ ਪਾਲ ਸਿੰਘ ਬੱਗਾ ਅਤੇ ਨਵੀਨ ਕੁਮਾਰ ਜਿੰਦਲ ਖਿਲਾਫ਼ ਕੇਸ ਦਰਜ ਕੀਤਾ ਸੀ। ਬੱਗਾ ’ਤੇ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੇ ਹਵਾਲੇ ਨਾਲ ਕੇਜਰੀਵਾਲ ਖਿਲਾਫ਼ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਅਤੇ ਜਿੰਦਲ ’ਤੇ 6 ਅਪਰੈਲ ਨੂੰ ਕੇਜਰੀਵਾਲ ਦੀ ਇਕ ਵੀਡੀਓ ਕਲਿੱਪ ਸ਼ੇਅਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ।