ਨਵੀਂ ਦਿੱਲੀ, 15 ਮਈ
ਮਹਾਰਾਸ਼ਟਰ ਦੇ ਮੁੱਖ ਮੰਤਰੀ ’ਤੇ ਤਿੱਖਾ ਹਮਲਾ ਬੋਲਦਿਆਂ ਲੋਕ ਸਭਾ ਮੈਂਬਰ ਨਵਨੀਤ ਰਾਣਾ ਨੇ ਊਧਵ ਠਾਕਰੇ ’ਤੇ ਸ਼ਿਵ ਸੈਨਾ ਦੇ ਬਾਨੀ ਬਾਲਾਸਾਹੇਬ ਠਾਕਰੇ ਵੱਲੋਂ ਦਿਖਾਏ ਰਾਹ ਤੋਂ ਥਿੜਕਣ ਦੇ ਦੋਸ਼ ਲਾਏ ਅਤੇ ਕਿਹਾ ਕਿ ਹੁਣ ਉਹ 10 ਜਨਪਥ ਦੀ ‘ਮਾਤੋਸ੍ਰੀ’ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ 10 ਜਨਪਥ ’ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ਹੈ। ਰਾਣਾ ਨੇ ਆਪਣੇ ਵਿਧਾਇਕ ਪਤੀ ਰਵੀ ਰਾਣਾ ਨਾਲ ਪ੍ਰੈੱਸ ਕਾਨਫਰੰਸ ਕਰਦਿਆਂ ਦੌਰਾਨ ਕਿਹਾ ਕਿ ਠਾਕਰੇ ਨੇ ਸ਼ਨਿਚਰਵਾਰ ਨੂੰ ਮੁੰਬਈ ’ਚ ਕੀਤੀ ਗਈ ਰੈਲੀ ਦੌਰਾਨ ਕਿਸਾਨਾਂ ਅਤੇ ਬੇਰੁਜ਼ਗਾਰੀ ਜਿਹੇ ਭਖਦੇ ਮਸਲਿਆਂ ਦਾ ਜ਼ਿਕਰ ਤੱਕ ਨਹੀਂ ਕੀਤਾ। ਰਾਣਾ ਜੋੜੇ ਨੇ ਕਿਹਾ,‘‘ਸ਼ਿਵ ਸੈਨਾ ਨੇ ਐਲਾਨ ਕੀਤਾ ਸੀ ਕਿ ਔਰੰਗਾਬਾਦ ਦਾ ਨਾਮ ਸੰਭਾਜੀ ਨਗਰ ਕਰ ਦਿੱਤਾ ਜਾਵੇਗਾ ਪਰ ਹੁਣ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਇਸ ਦੀ ਲੋੜ ਨਹੀਂ ਹੈ। ਠਾਕਰੇ ਨੂੰ ਇਸ ਗੱਲ ਦੀ ਫਿਕਰ ਹੈ ਕਿ ਜੇਕਰ ਔਰੰਗਾਬਾਦ ਦਾ ਨਾਮ ਬਦਲਣ ਦੇ ਵਾਅਦੇ ਨੂੰ ਪੂਰਾ ਕਰ ਦਿੱਤਾ ਗਿਆ ਤਾਂ ਸ਼ਿਵ ਸੈਨਾ ਦੇ ਗੱਠਜੋੜ ਭਾਈਵਾਲ ਹਮਾਇਤ ਵਾਪਸ ਲੈ ਲੈਣਗੇ ਅਤੇ ਸਰਕਾਰ ਡਿੱਗ ਜਾਵੇਗੀ।’’ ਉਨ੍ਹਾਂ ਸ਼ਿਵ ਸੈਨਾ ’ਤੇ ਹਿੰਦੂਤਵ ਦਾ ਰਾਹ ਤਿਆਗਣ ਦਾ ਦੋਸ਼ ਵੀ ਲਾਇਆ। ਰਵੀ ਰਾਣਾ ਨੇ ਕਿਹਾ ਕਿ ਬਾਲਾਸਾਹੇਬ ਠਾਕਰੇ ਨੇ ਇਕ ਵਾਰ ਐਲਾਨ ਕੀਤਾ ਸੀ ਕਿ ਜੇਕਰ ਉਨ੍ਹਾਂ ਨੂੰ ਕਾਂਗਰਸ ਨਾਲ ਹੱਥ ਮਿਲਾਉਣੇ ਪਏ ਤਾਂ ਉਹ ਸ਼ਿਵ ਸੈਨਾ ਭੰਗ ਕਰ ਦੇਣਗੇ। ਉਨ੍ਹਾਂ ਠਾਕਰੇ ’ਤੇ ਦੇਸ਼ਧ੍ਰੋਹ ਕਾਨੂੰਨ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਵਾਲਿਆਂ ’ਤੇ ਸਖ਼ਤ ਕਾਨੂੰਨ ਦੀਆਂ ਧਾਰਾਵਾਂ ਲਾਈਆਂ ਜਾ ਰਹੀਆਂ ਹਨ ਜਦਕਿ ਮੁਗਲ ਸ਼ਾਸਕ ਔਰੰਗਜ਼ੇਬ ਦੇ ਮਕਬਰੇ ’ਤੇ ਫੁੱਲ ਚੜ੍ਹਾਉਣ ਵਾਲੇ ਸ਼ਰੇਆਮ ਘੁੰਮ ਰਹੇ ਹਨ। -ਪੀਟੀਆਈ