ਨਵੀਂ ਦਿੱਲੀ: ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਨੇ ਦੇਸ਼ ’ਚ ਫੈਲੀ ਕਰੋਨਾਵਾਇਰਸ ਮਹਾਮਾਰੀ ਦੌਰਾਨ ਸੁਪਰੀਮ ਕੋਰਟ ਵੱਲੋਂ ਪੁਰੀ ’ਚ ਰੱਥ ਯਾਤਰਾ ਸਮਾਗਮਾਂ ’ਤੇ ਪੂਰਨ ਪਾਬੰਦੀ ਲਾਉਣ ਸਬੰਧੀ ਜਾਰੀ ਕੀਤੇ ਹੁਕਮ ਦੀ ਮੁੜ ਸਮੀਖਿਆ ਕਰਨ ਦੀ ਮੰਗ ਕੀਤੀ ਹੈ। ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਜਥੇਬੰਦੀ ਵੱਲੋਂ ਉੜੀਸਾ ’ਚ ਹਰ ਸਾਲ ਕੱਢੀ ਜਾਣ ਵਾਲੀ ਇਹ ਰੱਥ ਯਾਤਰਾ ਰੱਦ ਨਾ ਕਰਨ ਦੀ ਵਕਾਲਤ ਕੀਤੀ ਜਾ ਰਹੀ ਹੈ ਜਦਕਿ ਅਦਾਲਤ ਵੱਲੋਂ ਅਜਿਹੇ ਸਾਰੇ ਸਾਲਾਨਾ ਧਾਰਮਿਕ ਸਮਾਗਮਾਂ ’ਤੇ ਹਾਲ ਦੀ ਘੜੀ ਰੋਕ ਲਾਈ ਗਈ ਹੈ, ਜਿਨ੍ਹਾਂ ’ਚ ਵੱਡੇ ਪੱਧਰ ’ਤੇ ਇਕੱਠ ਹੁੰਦਾ ਹੋਵੇ। ਵੀਐੱਚਪੀ ਦੇ ਸਕੱਤਰ ਜਨਰਲ ਮਿਲਿੰਦ ਪਾਰੰਦੇ ਨੇ ਕਿਹਾ ਪੁਰੀ ’ਚ ਭਗਵਾਨ ਜਗਨਨਾਥ ਦੀ ਰਵਾਇਤੀ ਸਾਲਾਨਾ ਰੱਥ ਯਾਤਰਾ ਇਸ ਸਾਲ ਵੀ ਹੋਣੀ ਚਾਹੀਦੀ ਹੈ। ਇਹ ਰੱਥ ਯਾਤਰਾ 23 ਜੂਨ ਨੂੰ ਸ਼ੁਰੂ ਹੋਣੀ ਸੀ। ਇਸੇ ਤਰ੍ਹਾਂ ਭਾਜਪਾ ਆਗੂ ਸੰਬਿਤ ਪਾਤਰਾ ਨੇ ਕੋਵਿਡ- 19 ਮਹਾਮਾਰੀ ਕਾਰਨ ਪੁਰੀ ਰੱਥ ਯਾਤਰਾ ’ਤੇ ਰੋਕ ਸਬੰਧੀ ਹੁਕਮ ਵਾਪਸ ਲੈਣ ਲਈ ਸੁਪਰੀਮ ਕੋਰਟ ਵਿੱਚ ਅਪੀਲ ਦਾਖ਼ਲ ਕੀਤੀ ਹੈ। ਉਨ੍ਹਾਂ ਅਦਾਲਤ ਤੋਂ ਬਿਨਾਂ ਸ਼ਰਧਾਲੂਆਂ ਦੇ ਇਕੱਠ ਤੋਂ ਭਗਵਾਨ ਜਗਨਨਾਥ ਦੇ 8,00 ਸੇਵਾਯਤਾਂ (ਜਿਨ੍ਹਾਂ ਦੇ ਕੋਵਿਡ- 19 ਟੈਸਟਾਂ ਦੇ ਨਤੀਜੇ ਨੈਗੇਟਿਵ ਆਏ ਹਨ) ਦੀਆਂ ਸੇਵਾਵਾਂ ਰਾਹੀਂ ਇਹ ਯਾਤਰਾ ਕਰਵਾਉਣ ਦੀ ਮੰਗ ਕੀਤੀ ਹੈ। -ਆਈਏਐੱਨਐੱਸ