ਨਵੀਂ ਦਿੱਲੀ: ਦਿੱਲੀ ਦੀ ਕੋਰਟ ਨੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਦਰਜ ਕੇਸ ਵਿਚ ਨਿਊਜ਼ਕਲਿੱਕ ਦੇ ਬਾਨੀ ਪ੍ਰਬੀਰ ਪੁਰਕਾਇਸਥ ਤੇ ਮਨੁੱਖੀ ਵਸੀਲਾ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੂੰ 2 ਨਵੰਬਰ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਨਿਊਜ਼ ਪੋਰਟਲ ’ਤੇ ਕਥਿਤ ਦੋਸ਼ ਲੱਗੇ ਸਨ ਕਿ ਉਸ ਨੇ ਚੀਨ ਪੱਖੀ ਪ੍ਰਾਪੇਗੰਡੇ ਦੇ ਪ੍ਰਚਾਰ ਪਾਸਾਰ ਲਈ ਪੈਸੇ ਲਏ ਸਨ। ਦੋਵਾਂ ਮੁਲਜ਼ਮਾਂ ਨੂੰ 15 ਦਿਨਾ ਨਿਆਂਇਕ ਹਿਰਾਸਤ ਦੀ ਮਿਆਦ ਪੁੱਗਣ ਮਗਰੋਂ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਪੁਲੀਸ ਨੇ 10 ਅਕਤੂਬਰ ਨੂੰ ਪਿਛਲੀ ਪੇਸ਼ੀ ਮੌਕੇ ਕੋਰਟ ਨੂੰ ਅਪੀਲ ਕੀਤੀ ਸੀ ਕਿ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਜਾਵੇ। ਪੁਲੀਸ ਨੇ ਉਦੋਂ ਦਾਅਵਾ ਕੀਤਾ ਸੀ ਕਿ ਏਜੰਸੀ ਉਨ੍ਹਾਂ ਕੋਲੋਂ ਹਿਰਾਸਤੀ ਪੁੱਛ-ਪੜਤਾਲ ਦੀ ਮੰਗ ਕਰ ਸਕਦੀ ਹੈ। ਪੁਲੀਸ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਉਹ ਮੁਲਜ਼ਮਾਂ ਨੂੰ ਕੁਝ ਗਵਾਹਾਂ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ ਤੇ ਇਸ ਦੌਰਾਨ ਕੁਝ ਯੰਤਰਾਂ ਤੇ ਹੋਰ ਡੇਟਾਂ ਬਾਰੇ ਵੀ ਉਨ੍ਹਾਂ ਨੂੰ ਸਵਾਲ ਕੀਤੇ ਜਾਣਗੇ। ਉਧਰ ਪੁਰਕਾਇਸਥ ਵੱਲੋਂ ਪੇਸ਼ ਵਕੀਲ ਅਰਸ਼ਦੀਪ ਸਿੰਘ ਖੁਰਾਣਾ ਨੇ ਪੁਲੀਸ ਰਿਮਾਂਡ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਇਸ ਦਾ ਅਰਜ਼ੀ ਵਿਚ ਕੋਈ ਆਧਾਰ ਨਹੀਂ ਹੈ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਪੁਰਕਾਇਸਥ ਤੇ ਚੱਕਰਵਰਤੀ ਨੂੰ 3 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਐੱਫਆਈਆਰ ਮੁਤਾਬਕ ਨਿਊਜ਼ ਪੋਰਟਲ ਨੂੰ ਫੰਡਾਂ ਦੇ ਰੂਪ ਵਿੱਚ ਮਿਲੀ ਮੋਟੀ ਰਕਮ ਚੀਨ ਤੋਂ ਆਈ ਸੀ ਤੇ ਇਸ ਦਾ ਮੁੱਖ ਮੰਤਵ ‘ਦੇਸ਼ ਦੀ ਪ੍ਰਭੂਸੱਤਾ ਨੂੰ ਭੰਗ ਕਰਨਾ ਤੇ ਦੇਸ਼ ਖਿਲਾਫ਼ ਅਸੰਤੋਸ਼ ਦੀ ਭਾਵਨਾ ਪੈਦਾ ਕਰਨਾ ਸੀ।’ ਐੱਫਆਈਆਰ ’ਚ ਇਹ ਦਾਅਵਾ ਵੀ ਕੀਤਾ ਗਿਆ ਕਿ ਪੁਰਕਾਇਸਥ ਨੇ ਕਥਿਤ ਪੀਪਲਜ਼ ਅਲਾਇੰਸ ਫਾਰ ਡੈਮੋਕਰੈਸੀ ਐਂਡ ਸੈਕੁਲਰਿਜ਼ਮ (ਪੈਡਸ) ਨਾਂ ਦੇ ਸਮੂਹ ਨਾਲ ਮਿਲ ਕੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਅਮਲ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ। ਦਿੱਲੀ ਪੁਲੀਸ ਨੇ ਐੱਫਆਈਆਰ ਵਿੱਚ ਨਾਮਜ਼ਦ ਮਸ਼ਕੂਕਾਂ ਖਿਲਾਫ਼ 3 ਅਕਤੂਬਰ ਨੂੰ ਦਿੱਲੀ ਵਿੱਚ 88 ਥਾਵਾਂ ਤੇ ਹੋਰਨਾਂ ਰਾਜਾਂ ਵਿਚ ਸੱਤ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਇਨ੍ਹਾਂ ਛਾਪਿਆਂ ਮਗਰੋਂ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ 46 ਵਿਅਕਤੀ ਵਿਸ਼ੇਸ਼ ਜਨਿ੍ਹਾਂ ਵਿਚ 9 ਮਹਿਲਾ ਪੱਤਰਕਾਰ ਵੀ ਸਨ, ਤੋਂ ਪੁੱਛ-ਪੜਤਾਲ ਕੀਤੀ ਸੀ। -ਪੀਟੀਆਈ