ਨਵੀਂ ਦਿੱਲੀ, 9 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਛੱਡੋ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਅੱਜ ਕਿਹਾ ਕਿ ਇਸ ਅੰਦੋਲਨ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਇਕਜੁੱਟ ਕੀਤਾ ਸੀ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸੱਦੇ ’ਤੇ ਅੱਜ ਦੇ ਦਿਨ 1942 ਵਿੱਚ ਬਰਤਾਨਵੀ ਰਾਜ ਖਿਲਾਫ਼ ਫੈਸਲਾਕੁਨ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਮਹਾਤਮਾ ਗਾਂਧੀ ਨੇ ਬੰਬੇ ਇਜਲਾਸ ਦੌਰਾਨ 8 ਅਗਸਤ ਨੂੰ ਆਪਣੀ ਮਕਬੂਲ ‘ਕਰੋ ਜਾਂ ਮਰੋ’ ਤਕਰੀਰ ਦੌਰਾਨ ‘ਭਾਰਤ ਛੱਡੋ ਅੰਦੋਲਨ’ ਦੇ ਆਗਾਜ਼ ਦਾ ਸੱਦਾ ਦਿੱਤਾ ਸੀ। ਬਰਤਾਨਵੀ ਸਰਕਾਰ ਨੇ ਭਾਵੇਂ ਇਹਤਿਆਤ ਵਜੋਂ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨੂੰ ਗ੍ਰਿਫ਼ਤਾਰ ਕਰ ਲਿਆ, ਪਰ ਲੋਕਾਂ ਨੇ ਗਾਂਧੀ ਦੇ ਇਸ ਸੱਦੇ ’ਤੇ ਫੁੱਲ ਚੜ੍ਹਾਏ। ਉਧਰ ਉਪ ਰਾਸ਼ਟਰਪਤੀ ਐੱਮ.ਵੈਂਕਈਆ ਨਾਇਡੂ ਨੇ ਕਿਹਾ ਕਿ ਅੱਜ ਦਾ ਦਿਨ ਚੇਤੇ ਕਰਵਾਉਂਦਾ ਹੈ ਕਿ ਏਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ।
ਸ੍ਰੀ ਮੋਦੀ ਨੇ ਭਾਰਤ ਛੱਡੋ ਅੰਦੋਲਨ ਦੀ 80ਵੀਂ ਵਰ੍ਹੇਗੰਢ ਮੌਕੇ ਕੀਤੇ ਟਵੀਟ ਵਿੱਚ ਕਿਹਾ, ‘‘ਬਾਪੂ ਦੀ ਅਗਵਾਈ ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਆਜ਼ਾਦੀ ਦੇ ਸਾਡੇ ਸੰਘਰਸ਼ ਨੂੰ ਮਜ਼ਬੂਤ ਕੀਤਾ।’’ ਸ੍ਰੀ ਮੋਦੀ ਨੇ ਮਹਾਨ ਸਮਾਜਿਕ ਆਗੂ ਜੈਪ੍ਰਕਾਸ਼ ਨਾਰਾਇਣ ਦੇ ਇਹ ਟਿੱਪਣੀ ਕਿ ‘ਸਾਡੇ ਕੌਮੀ ਇਨਕਲਾਬ ਲਈ 9 ਅਗਸਤ ਭਖਦਾ ਪ੍ਰਤੀਕ ਬਣ ਗਈ ਹੈ’ ਵੀ ਸਾਂਝੀ ਕੀਤੀ। ਸ੍ਰੀ ਮੋਦੀ ਨੇ ਇਕ ਹੋਰ ਟਵੀਟ ਵਿਚ ਕਿਹਾ, ‘‘ਬਾਪੂ ਤੋਂ ਪ੍ਰੇਰਿਤ, ਭਾਰਤ ਛੱਡੋ ਅੰਦੋਲਨ ਨੇ ਸਮਾਜ ਦੇ ਸਾਰੇ ਵਰਗਾਂ ਜਿਨ੍ਹਾਂ ਵਿੱਚ ਜੇਪੀ ਤੇ ਡਾ.ਲੋਹੀਆ ਵੀ ਸ਼ਾਮਲ ਸਨ, ਦੀ ਸ਼ਮੂਲੀਅਤ ਵੇਖੀ ਹੈ।’’ ਪ੍ਰਧਾਨ ਮੰਤਰੀ ਨੇ ਟਵੀਟ ਨਾਲ ਬੰਬੇ ਵਿੱਚ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਮੌਕ ਮਹਾਤਮਾ ਗਾਂਧੀ ਦੀ ਤਸਵੀਰ ਵੀ ਪੋਸਟ ਕੀਤੀ। ਪੀਟੀਆਈ