ਨਵੀਂ ਦਿੱਲੀ, 27 ਸਤੰਬਰ
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੈਂਟਰਲ ਵਿਸਟਾ ਪ੍ਰਾਜੈਕਟ ਦੀ ਉਸਾਰੀ ਵਾਲੀ ਥਾਂ ਦੇ ਦੌਰੇ ’ਤੇ ਤਨਜ਼ ਕਸਦਿਆਂ ਕਿਹਾ ਹੈ ਕਿ ਕਾਸ਼ ਉਨ੍ਹਾਂ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਕਿਸੇ ਹਸਪਤਾਲ ਦਾ ਦੌਰਾ ਕੀਤਾ ਹੁੰਦਾ ਜਦੋਂ ਲੋਕ ਆਪਣੇ ਕਰੀਬੀਆਂ ਦੀ ਜਾਨ ਬਚਾਉਣ ਲਈ ਸੰਘਰਸ਼ ਕਰ ਰਹੇ ਸਨ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਦੇ ਰਵੱਈਏ ਨੂੰ ‘ਬੇਸਮਝ ਅਤੇ ਗ਼ੈਰਸੰਜੀਦਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ,‘‘ਮੈਂ ਪ੍ਰਧਾਨ ਮੰਤਰੀ ਨੂੰ ਕਿਸੇ ਉਸਾਰੀ ਅਧੀਨ ਹਸਪਤਾਲ ਜਾਂ ਆਕਸੀਜਨ ਪਲਾਂਟ ਦਾ ਦੌਰਾ ਕਰਦਿਆਂ ਨਹੀਂ ਦੇਖਿਆ ਹੈ। ਤਿੰਨ ਮਹੀਨੇ ਪਹਿਲਾਂ ਅਸੀਂ ਆਪਣੇ ਕਰੀਬੀਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਹੁਣ ਪ੍ਰਧਾਨ ਮੰਤਰੀ 25 ਹਜ਼ਾਰ ਕਰੋੜ ਰੁਪਏ ਦੇ ਸੈਂਟਰਲ ਵਿਸਟਾ ਪ੍ਰਾਜੈਕਟ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦੇ ਦੌਰੇ ਦੇ ਸਮੇਂ ਨੂੰ ਲੈ ਕੇ ਸਵਾਲ ਉੱਠਣੇ ਜਾਇਜ਼ ਹਨ। ਦੇਸ਼ ਨੇ ਅਜੇ ਦੁੱਖ, ਦਰਦ ਅਤੇ ਗ਼ਮ ’ਚੋਂ ਨਿਕਲਣਾ ਹੈ।’’ ਜ਼ਿਕਰਯੋਗ ਹੈ ਕਿ ਸ੍ਰੀ ਮੋਦੀ ਨੇ ਐਤਵਾਰ ਨੂੰ ਨਵੇਂ ਸੰਸਦ ਭਵਨ ਦੀ ਉਸਾਰੀ ਵਾਲੀ ਥਾਂ ਦਾ ਅਚਾਨਕ ਦੌਰਾ ਕਰਕੇ ਉਥੇ ਕਾਰਜਾਂ ਦਾ ਜਾਇਜ਼ਾ ਲਿਆ ਸੀ। -ਪੀਟੀਆਈ