ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਹਾਈ ਕੋਰਟ ਨੇ ਕੁਤਬ ਮਿਨਾਰ ਇਲਾਕੇ ਵਿੱਚ ਮੁਗ਼ਲ ਮਸਜਿਦ ’ਚ ਨਮਾਜ਼ ਅਦਾ ਕਰਨ ’ਤੇ ਲਾਈ ਰੋਕ ਨੂੰ ਚੁਣੌਤੀ ਦਿੰਦੀ ਪਟੀਸ਼ਨ ਉਪਰ ਤੁਰੰਤ ਸੁਣਵਾਈ ਤੋਂ ਨਾਂਹ ਕਰ ਦਿੱਤੀ ਹੈ। ਜਸਟਿਸ ਮਨੋਜ ਕੁਮਾਰ ਓਹਰੀ ਦੀ ਅਗਵਾਈ ਵਾਲੇ ਵੈਕੇਸ਼ਨ ਬੈਂਚ ਨੇ ਪਟੀਸ਼ਨਰ ਵੱਲੋਂ ਪੇਸ਼ ਵਕੀਲ ਸੂਫ਼ੀਆਨ ਸਿੱਦੀਕੀ ਨੂੰ ਕਿਹਾ ਕਿ ਪਟੀਸ਼ਨ ’ਤੇ ਸੁਣਵਾਈ ਦੀ ਲੋੜ ਨਹੀਂ। ਵਕੀਲ ਸਿੱਦੀਕੀ ਨੇ ਕਿਹਾ ਕਿ 6 ਮਈ ਨੂੰ ਭਾਰਤੀ ਪੁਰਾਤਤਵ ਸਰਵੇਖਣ ਵੱਲੋਂ ਨਮਾਜ਼ ਅੰਸ਼ਕ ਤੌਰ ’ਤੇ ਰੋਕ ਦਿੱਤੀ ਗਈ ਸੀ ਤੇ ਮਾਤਰ 5 ਲੋਕਾਂ ਨੂੰ ਮਸਜਿਦ ਵਿੱਚ ਜਾਣ ਦੀ ਆਗਿਆ ਸੀ। ਵਕੀਲ ਮੁਤਾਬਕ ਇਸ ਮਗਰੋਂ ਅਧਿਕਾਰੀਆਂ ਨੇ 13 ਮਈ ਨੂੰ ਨਮਾਜ਼ ਉਪਰ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਸੀ। ਸਿੱਦੀਕੀ ਨੇ ਪੱਖ ਰੱਖਿਆ ਕਿ ਕੋਈ ਹੁਕਮ ਨਹੀਂ ਦਿੱਤਾ ਗਿਆ ਪਰ ਲੋਕਾਂ ਨੂੰ ਜ਼ੁਬਾਨੀ ਹਦਾਇਤ ਕਰਕੇ ਨਮਾਜ਼ ਅਦਾ ਕਰਨੋਂ ਰੋਕਿਆ ਗਿਆ।