ਨਵੀਂ ਦਿੱਲੀ, 15 ਅਕਤੂਬਰ
ਭਾਰਤ ਦੀਆਂ ਪਾਕਿਸਤਾਨ, ਬੰਗਲਾਦੇਸ਼, ਮਿਆਂਮਾਰ ਅਤੇ ਨੇਪਾਲ ਨਾਲ ਲੱਗਦੀਆਂ ਸਰਹੱਦਾਂ ’ਤੇ ਇੱਕ ਤੋਂ ਦੂਜੇ ਮੁਲਕ ਵਿੱਚ ਜਾਣ ਵਾਲੇ ਅੱਠ ਕਰਾਸਿੰਗ ਪੁਆਇੰਟਾਂ ’ਤੇ ਜਲਦ ਹੀ ਰੇਡੀਏਸ਼ਨ ਜਾਂਚ ਉਪਕਰਨ ਲੱਗਣਗੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਉਪਕਰਨ ਸਥਾਪਤ ਹੋਣ ਨਾਲ ਪਰਮਾਣੂ ਹਥਿਆਰਾਂ ਵਿੱਚ ਰੇਡੀਓਐਕਟਿਵ ਸਮੱਗਰੀ ਦੀ ਸੰਭਾਵਿਤ ਵਰਤੋਂ ’ਤੇ ਰੋਕ ਲੱਗ ਸਕੇਗੀ। ਇਹ ਉਪਕਰਨ ਸਾਂਝੀਆਂ ਚੈੱਕ ਪੋਸਟਾਂ ਤੇ ਅਟਾਰੀ (ਪਾਕਿਸਤਾਨ ਸਰਹੱਦ), ਪੇਤਰਪੋਲ, ਅਗਰਤਲਾ, ਦਾਵਕੀ ਤੇ ਸੂਤਰਕੰਡੀ (ਸਾਰੇ ਬੰਗਲਾਦੇਸ਼ ਸਰਹੱਦ ’ਤੇ ਸਥਿਤ), ਰਾਕਸੌਲ ਤੇ ਜੋਗਬਨੀ (ਨੇਪਾਲ) ਅਤੇ ਮੋਰੇਹ (ਮਿਆਂਮਾਰ) ਵਿੱਚ ਲਾਏ ਜਾਣਗੇ। ਅਧਿਕਾਰੀ ਨੇ ਦੱਸਿਆ ਕਿ ਅੱਠ ਅਪਰੇਸ਼ਨਲ ਇੰਟੀਗ੍ਰੇਟਡ ਚੈੱਕ ਪੋਸਟਾਂ ’ਤੇ ਇਨ੍ਹਾਂ ਉਪਕਰਨਾਂ ਦੀ ਸਪਲਾਈ, ਸਥਾਪਤ ਕਰਨ ਅਤੇ ਰੱਖ-ਰਖਾਅ ਦਾ ਕੰਮ ਪਿਛਲੇ ਵਰ੍ਹੇ ਕੀਤੇ ਗਏ ਸਮਝੌਤੇ ਤਹਿਤ ਇੱਕ ਵੈਂਡਰ ਨੂੰ ਦਿੱਤਾ ਗਿਆ ਹੈ। -ਪੀਟੀਆਈ