ਮੁੱਖ ਅੰਸ਼
- ਕਾਂਗਰਸੀ ਆਗੂ ਨੇ ਟਵਿੱਟਰ ’ਤੇ ਲੋਕਾਂ ਲਈ ਸਵਾਲ ਪੋਸਟ ਕੀਤਾ
- ਜਵਾਬ ਲਈ ਚਾਰ ਬਦਲ ਵੀ ਦਿੱਤੇ
ਨਵੀਂ ਦਿੱਲੀ, 4 ਜੁਲਾਈ
ਕਾਂਗਰਸ ਵੱਲੋਂ ਰਾਫ਼ਾਲ ਸਮਝੌਤੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਕਰਵਾਉਣ ਦੀ ਮੰਗ ਉਠਾਏ ਜਾਣ ਤੋਂ ਇਕ ਦਿਨ ਬਾਅਦ ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਕ ਆਨਲਾਈਨ ਸਰਵੇਖਣ ਕਰਦੇ ਹੋਏ ਲੋਕਾਂ ਲਈ ਇਕ ਸਵਾਲ ਪੋਸਟ ਕੀਤਾ ਕਿ ਮੋਦੀ ਸਰਕਾਰ ਇਸ ਜਾਂਚ ਲਈ ਤਿਆਰ ਕਿਉਂ ਨਹੀਂ ਹੈ? ਸ੍ਰੀ ਗਾਂਧੀ ਨੇ ਟਵਿੱਟਰ ’ਤੇ ਕੀਤੇ ਗਏ ਇਸ ਸਵਾਲ ਲਈ ਚਾਰ ਬਦਲ ਦਿੱਤੇ ਹਨ ਅੰਦਰੋ-ਅੰਦਰੀ ਆਪਣਾ ਜੁਰਮ ਛੁਪਾਉਣਾ ਹੈ, ਦੋਸਤਾਂ-ਮਿੱਤਰਾਂ ਨੂੰ ਬਚਾਉਣਾ ਹੈ, ਜੇਪੀਸੀ ਨੂੰ ਰਾਜ ਸਭਾ ਸੀਟ ਨਹੀਂ ਚਾਹੀਦੀ ਜਾਂ ਉਪਰੋਕਤ ਸਾਰੇ ਬਦਲ ਸਹੀ ਹਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਰਾਫ਼ਾਲ ਜੰਗੀ ਜਹਾਜ਼ ਸਮਝੌਤੇ ਵਿਚ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੇ ਰਹੇ ਹਨ ਅਤੇ ਉਨ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਨੂੰ ਵੱਡਾ ਚੋਣ ਮੁੱਦਾ ਵੀ ਬਣਾਇਆ ਸੀ। ਇਸ ਚੋਣ ਵਿਚ ਕਾਂਗਰਸ ਨੂੰ ਹਾਰ ਸਾਹਮਣਾ ਕਰਨਾ ਪਿਆ ਸੀ। ਦੱਸਣਯੋਗ ਹੈ ਕਿ ਫਰਾਂਸ ਦੀ ਨਿਊਜ਼ ਵੈੱਬਸਾਈਟ ‘ਮੀਡੀਆਪਾਰਟ’ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਨਾਲ 59,000 ਕਰੋੜ ਦੇ ਰਾਫ਼ਾਲ ਜੰਗੀ ਜਹਾਜ਼ ਸਮਝੌਤੇ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਫਰਾਂਸ ਦੇ ਇਕ ਜੱਜ ਨੂੰ ‘ਬਹੁਤ ਸੰਵੇਦਨਸ਼ੀਲ’ ਨਿਆਂਇਕ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਕਾਂਗਰਸ ਨੇ ਰਾਫ਼ਾਲ ਜੰਗੀ ਜਹਾਜ਼ਾਂ ਦੀ ਖ਼ਰੀਦ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੇ ਹੋਏ ਸਮਝੌਤੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਕਰਵਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਸੱਚ ਦਾ ਪਤਾ ਲਾਉਣ ਲਈ ਜਾਂਚ ਦਾ ਸਿਰਫ਼ ਇਹੀ ਰਸਤਾ ਹੈ। ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਚ ਦਾ ਹੁਕਮ ਦੇਣਾ ਚਾਹੀਦਾ ਹੈ।
ਸਰਕਾਰ ਦੀ ਖਾਮੋਸ਼ੀ ’ਤੇ ਸਵਾਲ ਉਠਾਏ: ਫਰਾਂਸ ਵੱਲੋਂ ਰਾਫ਼ਾਲ ਸੌਦੇ ਦੀ ਜਾਂਚ ਦੇ ਹੁਕਮ ਦੇਣ ਮਗਰੋਂ ਕਾਂਗਰਸ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਉਸ ਦੀ ਖਾਮੋਸ਼ੀ ’ਤੇ ਸਵਾਲ ਉਠਾਏ ਹਨ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਅੰਤਰ-ਸਰਕਾਰੀ ਰੱਖਿਆ ਸੌਦੇ ’ਚ ‘ਭ੍ਰਿਸ਼ਟਾਚਾਰ’ ਦੇ ਲਾਭਪਾਤਰੀ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ ਤਾਂ ਜਿਸ ਮੁਲਕ (ਭਾਰਤ) ਨੇ ਲੋਕਾਂ ਦੀ ਕਮਾਈ ਗੁਆਈ ਹੈ, ਉਹ ਇਸ ਦੀ ਜਾਂਚ ਦੇ ਹੁਕਮ ਕਿਉਂ ਨਹੀਂ ਦੇ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਕੌਮੀ ਸੁਰੱਖਿਆ ਬਾਰੇ ਬਹੁਤ ਰੌਲਾ ਪਾਉਂਦੀ ਹੈ ਪਰ ਜਦੋਂ ਉਹ ਆਪਣੇ ਪੂੰਜੀਪਤੀ ਦੋਸਤਾਂ ਦੀ ਸਹਾਇਤਾ ਕਰਦੀ ਹੈ ਤਾਂ ਮੁਲਕ ਦੇ ਸੁਰੱਖਿਆ ਹਿੱਤਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਜਵਾਬਦੇਹੀ ਅਤੇ ਜਾਂਚ ਦੇ ਸਬੰਧ ’ਚ ਚੁੱਪ ਕਿਉਂ ਹਨ। ਉਨ੍ਹਾਂ ਮੰਗ ਦੁਹਰਾਈ ਕਿ ਰਾਫ਼ਾਲ ਸੌਦੇ ਦੀ ਜਾਂਚ ਸਾਂਝੀ ਪਾਰਲੀਮਾਨੀ ਕਮੇਟੀ ਵੱਲੋਂ ਕਰਵਾਈ ਜਾਵੇ। ਉੱਧਰ, ਸੀਪੀਐੱਮ ਨੇ ਵੀ ਅੱਜ ਰਾਫ਼ਾਲ ਖ਼ਰੀਦ ਸਮਝੌਤੇ ਵਿਚ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਦੀ ਜਾਂਚ ਕਰਨ ਲਈ ਇਕ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਰਾਫ਼ਾਲ ਖ਼ਰੀਦ ਸਮਝੌਤੇ ’ਤੇ ਸਵਾਲ ਕਰਨ ਲਈ ਕਾਂਗਰਸ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਦੀ ਖ਼ਤਮ ਹੋ ਰਹੀ ਸਕੁਐਡਰਨ ਤਾਕਤ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਜੰਗੀ ਜਹਾਜ਼ ਕਿਉਂ ਨਹੀਂ ਖ਼ਰੀਦੇ। ਉਨ੍ਹਾਂ ਨਾਲ ਹੀ ਕਿਹਾ, ‘‘ਕਿਉਂਕਿ ਗਾਂਧੀ ਪਰਿਵਾਰ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਕਮਿਸ਼ਨ ਨਹੀਂ ਸੀ ਮਿਲਿਆ।’’ -ਪੀਟੀਆਈ