ਨਵੀਂ ਦਿੱਲੀ/ਜਨੇਵਾ, 20 ਅਪਰੈਲ
‘ਆਪ’ ਆਗੂ ਰਾਘਵ ਚੱਢਾ, ਐਡਲਵਾਈਸ ਮਿਉਚਅਲ ਫੰਡ ਦੀ ਸੀਈਓ ਰਾਧਿਕਾ ਗੁਪਤਾ ਤੇ ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਮਿਖੇਲੋ ਫੇਡੋਰੋਵ ਨੂੰ ਵਿਸ਼ਵ ਆਰਥਿਕ ਫੋਰਮ (ਡਬਲਿਊਈਐਫ) ਨੇ ਆਲਮੀ ਪੱਧਰ ਦੇ ਨੌਜਵਾਨ ਆਗੂਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਸੰਸਥਾ ਦੀ ਇਹ ਸੂਚੀ ਸਾਲ 2022 ਲਈ ਹੈ।
ਸੂਚੀ ਵਿਚ ਪ੍ਰੋਫੈਸਰ ਯੋਇਚੀ ਓਚਿਆਈ, ਸੰਗੀਤਕਾਰ ਤੇ ਕੰਪੋਜ਼ਰ ਵਿਸੈਮ ਜੋਬਰੈਨ, ਸਿਹਤ ਸੰਭਾਲ ਖੇਤਰ ਦੀ ਕਾਰਕੁਨ ਜੈਸਿਕਾ ਬੇਕਰਮੈਨ ਤੇ ਐਨਜੀਓ ਚਲਾਉਣ ਵਾਲੀ ਜ਼ੋਆ ਲਿਟਵਿਨ ਦੇ ਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਚੱਢਾ ਹਾਲ ਹੀ ਵਿਚ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ। ਪੰਜਾਬ ਵਿਚ ਪਾਰਟੀ ਦੀ ਜਿੱਤ ਤੋਂ ਪਹਿਲਾਂ ਉਹ ਦਿੱਲੀ ’ਚ ਵਿਧਾਇਕ ਸਨ। ਸੂਚੀ ਵਿਚ ਕਈ ਹੋਰ ਭਾਰਤੀ ਵੀ ਹਨ। ਇਨ੍ਹਾਂ ਵਿਚ ਅਥਲੀਟ ਮਨੋਜ ਜੋਸ਼ੀ, ‘ਇਨੋਵ8’ ਦੇ ਸੰਸਥਾਪਕ ਰਿਤੇਸ਼ ਮਲਿਕ, ਭਾਰਤਪੇਅ ਦੇ ਸੀਈਓ ਸੁਹੇਲ ਸਮੀਰ, ‘ਸ਼ੂਗਰ ਕਾਸਮੈਟਿਕਸ’ ਦੀ ਸੀਈਓ ਵਿਨੀਤਾ ਸਿੰਘ ਦੇ ਨਾਂ ਸ਼ਾਮਲ ਹੈ। ਦੱਸਣਯੋਗ ਹੈ ਕਿ ਡਬਲਿਊਈਐਫ ਦਾ ਸਾਲਾਨਾ ਇਕੱਠ ਸਵਿਟਜ਼ਰਲੈਂਡ ਦੇ ਦਾਵੋਸ ਵਿਚ 22-26 ਮਈ ਤੱਕ ਹੋਵੇਗਾ ਜਿੱਥੇ ਦੁਨੀਆ ਭਰ ਦੀਆਂ ਅਮੀਰ ਤੇ ਰਸੂਖ਼ ਵਾਲੀਆਂ ਹਸਤੀਆਂ ਜੁੜਨਗੀਆਂ। ਸੂਚੀ ਵਿਚ ਸ਼ਾਮਲ 109 ਲੋਕਾਂ ਨੂੰ ਫੋਰਮ ਨੇ 40 ਸਾਲ ਤੋਂ ਘੱਟ ਉਮਰ ਵਰਗ ਵਿਚ ਵਿਸ਼ਵ ਦੇ ਉੱਭਰਦੇ ਨੌਜਵਾਨ ਆਗੂ ਕਰਾਰ ਦਿੱਤਾ ਹੈ। -ਪੀਟੀਆਈ