ਚੰਡੀਗੜ੍ਹ, 27 ਅਕਤੂਬਰ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਆਬੂ ਧਾਬੀ ਵਿੱਚ ਫਸੇ ਪੰਜਾਬੀ ਪਰਵਾਸੀ ਮਜ਼ਦੂਰਾਂ ਦੀ ਸੁਰੱਖਿਅਤ ਵਾਪਸੀ ਲਈ ਦਖਲ ਦੇਣ ਦੀ ਮੰਗ ਕੀਤੀ ਹੈ। ਸੰਸਦ ਮੈਂਬਰ ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ। ‘‘ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਨ ਕਿ 100 ਦੇ ਕਰੀਬ ਪੰਜਾਬੀ ਪਰਵਾਸੀ ਮਜ਼ਦੂਰ ਆਬੂ ਧਾਬੀ ਵਿੱਚ ਫਸੇ ਹੋਏ ਹਨ। ਇਹ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ। ਕੰਪਨੀ ਨੇ ਇਨ੍ਹਾਂ ਦਾ ਕੰਟਰੈਕਟ ਖਤਮ ਕਰ ਦਿੱਤਾ ਹੈ ਉਹ ਇਨ੍ਹਾਂ ਦੇ ਪਾਸਪੋਰਟ ਵਾਪਸ ਨਹੀਂ ਕਰ ਰਹੀ, ਜਿਸ ਕਾਰਨ ਉਹ ਆਨਲਾਈਨ ਅਰਜ਼ੀ ਦੇਣ ਦੇ ਬਾਵਜੂਦ ਭਾਰਤ ਨਹੀਂ ਪਰਤ ਸਕਦੇ, ਜਦੋਕਿ ਇਨ੍ਹਾਂ ਦੇ ਪਰਿਵਾਰਾਂ ਨੇ ਵਾਪਸੀ ਦੀਆਂ ਟਿਕਟਾਂ ਦਾ ਪ੍ਰਬੰਧ ਕਰਨ ਦੀ ਵੀ ਇੱਛਾ ਜਤਾਈ ਹੈ। ਇਸ ਲਈ ਪੰਜਾਬ ਦਾ ਸੰਸਦ ਮੈਂਬਰ ਹੋਣ ਦੇ ਨਾਤੇ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਸ ਮਾਮਲੇ ’ਤੇ ਫੌਰੀ ਦਖ਼ਲ ਦੇ ਕੇ ਦੁਬਈ ਵਿਚਲੇ ਭਾਰਤੀ ਸਫਾਰਤਖਾਨੇ ਨੂੰ ਨਿਰਦੇਸ਼ ਦਿਓ ਕਿ ਉਹ ਪੀੜਤਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਕਰੇ।’’ -ਏਜੰਸੀ