* ਕਸ਼ਮੀਰ ਘਾਟੀ ਤੇ ਜੰਮੂ ਖੇਤਰ ’ਚ ਕਾਂਗਰਸ ਦੀਆਂ ਚੋਣ ਤਿਆਰੀਆਂ ਦਾ ਲੈਣਗੇ ਜਾਇਜ਼ਾ
* ਨੈਸ਼ਨਲ ਕਾਨਫਰੰਸ ਨਾਲ ਗੱਠਜੋੜ ਬਾਰੇ ਚਰਚਾ ਹੋਣ ਦੀ ਸੰਭਾਵਨਾ
ਸ੍ਰੀਨਗਰ, 21 ਅਗਸਤ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਆਗਾਮੀ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀਆਂ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਨੈਸ਼ਨਲ ਕਾਨਫਰੰਸ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਜੰਮੂ-ਕਸ਼ਮੀਰ ਦੇ ਦੋ-ਰੋਜ਼ਾ ਦੌਰੇ ’ਤੇ ਅੱਜ ਸ੍ਰੀਨਗਰ ਪਹੁੰਚੇ ਹਨ।
ਕਾਂਗਰਸੀ ਆਗੂਆਂ ਦਾ ਸ੍ਰੀਨਗਰ ਪਹੁੰਚਣ ’ਤੇ ਪਾਰਟੀ ਵਰਕਰਾਂ ਤੇ ਸਮਰਥਕਾਂ ਨੇ ਨਿੱਘਾ ਸਵਾਗਤ ਕੀਤਾ। ਉਤਸ਼ਾਹ ਭਰਪੂਰ ਸਮਰਥਕਾਂ ਨੇ ਹਵਾਈ ਅੱਡਾ ਰੋਡ ’ਤੇ ਰਾਹੁਲ ਗਾਂਧੀ ਦੇ ਵਾਹਨ ਨੂੰ ਵੀ ਰੋਕ ਲਿਆ ਅਤੇ ਇਸ ਕਾਰਨ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਲਈ ਕੁਝ ਸਮਾਂ ਫ਼ਿਕਰ ਵਾਲੀ ਸਥਿਤੀ ਪੈਦਾ ਹੋ ਗਈ। ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਦੋਵੇਂ ਨੇਤਾ ਵਿਧਾਨ ਸਭਾ ਚੋਣਾਂ ਦੇ 18 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਪੜਾਵੀ ਅਮਲ ਦੇ ਸਬੰਧ ’ਚ ਅਹਿਮ ਮੀਟਿੰਗਾਂ ਕਰਨ ਲਈ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਦੌਰੇ ’ਤੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਅੱਜ ਬੁੱਧਵਾਰ ਨੂੰ ਦੋਵਾਂ ਆਗੂਆਂ ਦੀ ਕੋਈ ਵੀ ਅਧਿਕਾਰਤ ਮੀਟਿੰਗ ਨਹੀਂ ਸੀ। ਕਾਂਗਰਸੀ ਆਗੂ ਮੁਤਾਬਕ ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਵੀਰਵਾਰ ਨੂੰ ਕਸ਼ਮੀਰ ਘਾਟੀ ਦੇ 10 ਜ਼ਿਲ੍ਹਿਆਂ ’ਚ ਪਾਰਟੀ ਨੇਤਾਵਾਂ ਤੇ ਵਰਕਰਾਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕਰਨਗੇ। ਮੀਟਿੰਗਾਂ ਸਵੇਰੇ 10 ਵਜੇ ਸ਼ੁਰੂ ਹੋਣਗੀਆਂ। -ਪੀਟੀਆਈ
ਭਾਜਪਾ ਵੱਲੋਂ ਰਾਮ ਮਾਧਵ ਤੇ ਕਿਸ਼ਨ ਰੈੱਡੀ ਜੰਮੂ-ਕਸ਼ਮੀਰ ਦੇ ਚੋਣ ਇੰਚਾਰਜ ਨਿਯੁਕਤ
ਨਵੀਂ ਦਿੱਲੀ: ਭਾਜਪਾ ਵੱਲੋਂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਲਾਏ ਦੋ ਚੋਣ ਇੰਚਾਰਜਾਂ ਵਿੱਚੋਂ ਇੱਕ ਰਾਮ ਮਾਧਵ ਨੇ ਆਰਐੱਸਐੈੱਸ ਨੂੰ ਆਪਣੀ ‘ਮਾਂ’ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਭਾਜਪਾ ਵਿਚ ਵਾਪਸੀ ਦੀ ਆਗਿਆ ਦੇਣ ਲਈ ਹਿੰਦੁਤਵੀ ਸੰਗਠਠ ਦਾ ਧੰਨਵਾਦ ਕੀਤਾ ਹੈ। ਰਾਮ ਮਾਧਵ ਅਤੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੂੰ ਭਾਜਪਾ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਇੰਚਾਰਜ ਨਿਯੁਕਤ ਕੀਤਾ ਸੀ। ਆਰਐੈੱਸਐੱਸ ਦੀ ਸ਼ਲਾਘਾ ਕਰਦਿਆਂ ਰਾਮ ਮਾਧਵ ਨੇ ਆਖਿਆ, ‘‘ਸੰਘ ਮੇਰੀ ਮਾਂ ਹੈ। ਅਸੀਂ ਆਮ ਕਰਕੇ ਜਨਤਕ ਤੌਰ ’ਤੇ ਇਸ ਬਾਰੇ ਗੱਲ ਨਹੀਂ ਕਰਦੇ। ਪਰ, ਮੈਂ ਪਾਰਟੀ ’ਚ ਮੁੜਨ ਲਈ ਤੇ ਨਵੀਂ ਜ਼ਿੰਮੇਵਾਰੀ ਨੂੰ ਸਵੀਕਾਰ ਕਰਦਾ ਹਾਂ।’’ -ਪੀਟੀਆਈ