ਨਵੀਂ ਦਿੱਲੀ, 24 ਦਸੰਬਰ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੋਵਿਡ- 19 ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਮੰਗਿਆ ਤੇ ਕਿਹਾ ਕਿ ਇਹ ਮ੍ਰਿਤਕਾਂ ਨੂੰ ਨਿਆਂ ਦੇਣ ਲਈ ਪਹਿਲਾ ਕਦਮ ਹੋਵੇਗਾ। ਕੋਵਿਡ- 19 ਦੀ ਦੂਜੀ ਲਹਿਰ ਦੌਰਾਨ ਗੰਗਾ ਵਿੱਚ ਲਾਸ਼ਾਂ ਸੁੱਟਣ ਬਾਰੇ ਪ੍ਰਕਾਸ਼ਿਤ ਇੱਕ ਖ਼ਬਰ ਸਾਂਝੀ ਕਰਦਿਆਂ ਸ੍ਰੀ ਗਾਂਧੀ ਨੇ ਟਵੀਟ ਕੀਤਾ,‘ਕਰੋਨਾ ਮ੍ਰਿਤਕਾਂ ਦੇ ਦਰਦ ਦਾ ਸੱਚ ਗੰਗਾ ਦੀਆਂ ਲਹਿਰਾਂ ’ਚ ਵਹਿ ਰਿਹਾ ਹੈ ਜੋ ਛਿਪਾਉਣਾ ਸੰਭਵ ਨਹੀਂ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਇਨ੍ਹਾਂ ਨੂੰ ਨਿਆਂ ਦੇਣ ਦੀ ਦਿਸ਼ਾ ’ਚ ਪਹਿਲਾ ਕਦਮ ਹੋਵੇਗਾ।’
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਤੇ ਕਿਹਾ ਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਗੰਗਾ ਨਦੀ ਵਿੱਚ ਮਿਲੀਆਂ ਲਾਸ਼ਾਂ ਦਾ ਸੱਚ ਛੁਪਾਉਣ ਲਈ ਸੂਬੇ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਟਵੀਟ ਕੀਤਾ,‘ਕਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ, ਯੂਪੀ ਦੇ ਲੋਕ ਅਸਹਿ ਦੁੱਖ ਸਹਿਣ ਕਰ ਰਹੇ ਸਨ ਅਤੇ ਸਰਕਾਰ ਗੰਗਾ ਨਦੀ ਦੇ ਕਿਨਾਰੇ ਦੱਬੀਆਂ ਲਾਸ਼ਾਂ ਹਟਾਉਣ ਤੇ ਨਦੀ ਵਿੱਚ ਤੈਰ ਰਹੀਆਂ ਲਾਸ਼ਾਂ ਦਾ ਸੱਚ ਛੁਪਾਉਣ ’ਚ ਮਸ਼ਰੂਫ ਸੀ।’
ਉਨ੍ਹਾਂ ਕਿਹਾ, ‘ਯੋਗੀ ਆਦਿਤਿਆਨਾਥ ਜੀ ਨੂੰ ਸੂਬੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।’ ਉਨ੍ਹਾਂ ਇੱਕ ਰਿਪੋਰਟ ਦਾ ਹਵਾਲਾ ਵੀ ਦਿੱਤਾ ਜਿਸ ’ਚ ‘ਨਮਾਮੀ ਗੰਗਾ ਪ੍ਰਾਜੈਕਟ’ ਦੇ ਮੁਖੀ ਦਾ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਨਦੀ ਵਿੱਚ ਲਾਸ਼ਾਂ ਸੁੱਟੇ ਜਾਣ ਦੀ ਗੱਲ ਮੰਨੀ ਸੀ। -ਪੀਟੀਆਈ