ਹੈਦਰਾਬਾਦ, 1 ਨਵੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਦੌਰਾਨ ਅੱਜ ਇੱਥੇ ਚਾਰਮੀਨਾਰ ਸਾਹਮਣੇ ਤਿਰੰਗਾ ਲਹਿਰਾਇਆ। ਕਰੀਬ 32 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਤੇ ਤਤਕਾਲੀਨ ਪਾਰਟੀ ਪ੍ਰਧਾਨ ਰਾਜੀਵ ਗਾਂਧੀ ਨੇ ਵੀ ਇਸੇ ਥਾਂ ਤੋਂ ‘ਸਦਭਾਵਨਾ ਯਾਤਰਾ’ ਸ਼ੁਰੂ ਕੀਤੀ ਸੀ। ਰਾਹੁਲ ਗਾਂਧੀ ਦੇ ਚਾਰਮੀਨਾਰ ਪਹੁੰਚਣ ਤੇ ਪਾਰਟੀ ਵਰਕਰਾਂ ਵੱਲੋਂ ‘ਭਾਰਤ ਜੋੜੋ’ ਦੇ ਨਾਅਰੇ ਲਾਏ ਗਏ। ਇਸ ਮੌਕੇ ਰਾਹੁਲ ਗਾਂਧੀ ਨੇ ਸਟੇਜ ’ਤੇ ਪਿਤਾ ਰਾਜੀਵ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੱਸਿਆ ਕਿ 19 ਅਕਤੂਬਰ 1990 ਨੂੰ ਰਾਜੀਵ ਗਾਂਧੀ ਨੇ ਵੀ ਇਸੇ ਥਾਂ ਤੋਂ ‘ਸਦਭਾਵਨਾ ਯਾਤਰਾ’ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਹਰ ਸਾਲ ਇਸ ਦਿਨ ਇੱਥੇ ਤਿਰੰਗਾ ਲਹਿਰਾਉਂਦੀ ਹੈ। ਇਸ ਵਾਰ 19 ਅਕਤੂਬਰ ਨੂੰ ਇੱਥੇ ਤਿਰੰਗਾ ਨਹੀਂ ਲਹਿਰਾਇਆ ਜਾ ਸਕਿਆ, ਜਿਸ ਕਰਕੇ ਇੱਥੇ ਅੱਜ ਕੌਮੀ ਝੰਡਾ ਲਹਿਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ‘ਭਾਰਤ ਜੋੜੋ’ ਯਾਤਰਾ ਅੱਜ ਸ਼ਮਸ਼ਾਬਾਦ ਦੇ ਮੱਠ ਮੰਦਰ ਤੋਂ ਸ਼ੁਰੂ ਹੋ ਕੇ ਬਾਅਦ ਦੁਪਹਿਰ ਬਦਰਪੁਰਾ ਸਥਿਤ ਵਿਰਾਸਤੀ ਪੈਲੇਸ ਨੇੜੇ ਰੁਕੀ। ਰਾਤ ਨੂੰ ਇਹ ਯਾਤਰਾ ਬੋਵਨਪੱਲੀ ਸਥਿਤ ਗਾਂਧੀ ਵਿਚਾਰਧਾਰਕ ਕੇਂਦਰ ਵਿੱਚ ਰੁਕੇਗੀ।
ਇਸ ਦੌਰਾਨ ਕਾਂਗਰਸ ਵੱਲੋਂ ਅੱਜ ਅਸਾਮ ਦੇ ਧੂਬਰੀ ਤੋਂ ‘ਭਾਰਤ ਜੋੜੋ ਯਾਤਰਾ-ਆਸਾਮ’ ਅਤੇ ਗੁਜਰਾਤ ਵਿੱਚ ‘ਪਰਿਵਰਤਨ ਸੰਕਲਪ ਯਾਤਰਾ’ ਸ਼ੁਰੂ ਕੀਤੀ ਗਈ ਹੈ। -ਪੀਟੀਆਈ
‘ਰੋਹਿਤ ਵੇਮੁਲਾ ਸਮਾਜਿਕ ਵਿਤਕਰੇ ਖ਼ਿਲਾਫ਼ ਮੇਰੇ ਸੰਘਰਸ਼ ਦਾ ਪ੍ਰਤੀਕ’
ਹੈਦਰਾਬਾਦ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ‘ਭਾਰਤ ਜੋੜੋ ਯਾਤਰਾ’ ਦੌਰਾਨ ਦਲਿਤ ਵਿਦਿਆਰਥੀ ਨੂੰ ਯਾਦ ਕਰਦਿਆਂ ਕਿਹਾ, ‘‘ਰੋਹਿਤ ਵੇਮੁਲਾ ਸਮਾਜਿਕ ਵਿਤਕਰੇ ਅਤੇ ਬੇਇਨਸਾਫੀ ਖ਼ਿਲਾਫ਼ ਮੇਰੇ ਸੰਘਰਸ਼ ਦਾ ਪ੍ਰਤੀਕ ਹੈ ਅਤੇ ਰਹੇਗਾ।’’ ਜ਼ਿਕਰਯੋਗ ਹੈ ਕਿ ਕਥਿਤ ਭੇਦਭਾਵ ਕਾਰਨ ਰੋਹਿਤ ਵੇਮੁਲਾ ਨੇ 2016 ਵਿੱਚ ਖੁਦਕੁਸ਼ੀ ਕਰ ਲਈ ਸੀ। ਇਸ ਦੌਰਾਨ ਰੋਹਿਤ ਦੀ ਮਾਤਾ ਰਾਧਿਕਾ ਵੇਮੁਲਾ ਨੇ ਅੱਜ ‘ਭਾਰਤ ਜੋੜੋ’ ਯਾਤਰਾ ਵਿੱਚ ਸ਼ਮੂਲੀਅਤ ਕਰਦਿਆਂ ਰਾਹੁਲ ਨਾਲ ਮੁਲਾਕਾਤ ਕੀਤੀ। ਇਸ ਬਾਰੇ ਰਾਧਿਕਾ ਨੇ ਟਵੀਟ ਕੀਤਾ, ‘‘ਭਾਰਤ ਜੋੜੋ ਯਾਤਰਾ ਪ੍ਰਤੀ ਇਕਜੁੱਟਤਾ ਦਿਖਾਈ।’’