ਮੁੰਬਈ, 24 ਜੂਨ
ਸ਼ਿਵ ਸੈਨਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਸਾਰੀਆਂ ਵਿਰੋਧੀ ਧਿਰਾਂ ਨੂੰ ਭਾਜਪਾ ਖ਼ਿਲਾਫ਼ ਇਕੱਠਾ ਕਰਨ ਲਈ ਐੱਨਸੀਪੀ ਮੁਖੀ ਸ਼ਰਦ ਪਵਾਰ ਨਾਲ ਹੱਥ ਮਿਲਾਉਣ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ’ਚ ਕਿਹਾ,‘‘ਰਾਹੁਲ ਗਾਂਧੀ ਕੇਂਦਰ ਅਤੇ ਉਸ ਦੀਆਂ ਨੀਤੀਆਂ ਖ਼ਿਲਾਫ਼ ਨਿਯਮਤ ਤੌਰ ’ਤੇ ਹਮਲੇ ਕਰਦੇ ਆ ਰਹੇ ਹਨ ਪਰ ਇਹ ਸਿਰਫ਼ ਟਵਿੱਟਰ ’ਤੇ ਹੋ ਰਹੇ ਹਨ।’’ ਮਹਾਰਾਸ਼ਟਰ ’ਚ ਐੱਨਸੀਪੀ ਅਤੇ ਕਾਂਗਰਸ ਨਾਲ ਸੱਤਾ ’ਚ ਭਾਈਵਾਲ ਸ਼ਿਵ ਸੈਨਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਵੱਈਏ ’ਚ ਤਬਦੀਲੀ ਨਜ਼ਰ ਆ ਰਹੀ ਹੈ। ‘ਉਹ (ਮੋਦੀ) ਜਾਣਦੇ ਹਨ ਕਿ ਮੁਲਕ ਦੇ ਹਾਲਾਤ ਹੱਥੋਂ ਬਾਹਰ ਨਿਕਲ ਚੁੱਕੇ ਹਨ। ਲੋਕਾਂ ਦੇ ਗੁੱਸੇ ਦੇ ਬਾਵਜੂਦ ਭਾਜਪਾ ਅਤੇ ਸਰਕਾਰ ਨੂੰ ਭਰੋਸਾ ਹੈ ਕਿ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਵਿਰੋਧੀ ਧਿਰ ਕਮਜ਼ੋਰ ਅਤੇ ਵੰਡੀ ਹੋਈ ਹੈ।’ ਸ੍ਰੀ ਪਵਾਰ ਵੱਲੋਂ ਮੰਗਲਵਾਰ ਨੂੰ ਅੱਠ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਦਿੱਲੀ ’ਚ ਆਪਣੀ ਰਿਹਾਇਸ਼ ’ਤੇ ਬੈਠਕ ਕੀਤੀ ਗਈ ਸੀ ਜਿਸ ਤੋਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਭਾਜਪਾ ਖ਼ਿਲਾਫ਼ ਤੀਜਾ ਮੋਰਚਾ ਬਣ ਸਕਦਾ ਹੈ। ਸ਼ਿਵ ਸੈਨਾ ਨੇ ਸੰਪਾਦਕੀ ’ਚ ਕਿਹਾ,‘‘ਸ਼ਰਦ ਪਵਾਰ ਸਾਰੀਆਂ ਵਿਰੋਧੀ ਧਿਰਾਂ ਨੂੰ ਇਕੱਠੇ ਕਰ ਸਕਦੇ ਹਨ। ਪਰ ਲੀਡਰਸ਼ਿਪ ਦਾ ਸਵਾਲ ਹੈ। ਜੇਕਰ ਅਸੀਂ ਆਸ ਕਰਦੇ ਹਾਂ ਕਿ ਕਾਂਗਰਸ ਅਗਵਾਈ ਕਰੇ ਤਾਂ ਪਾਰਟੀ ਖੁਦ ਕੌਮੀ ਪ੍ਰਧਾਨ ਤੋਂ ਸੱਖਣੀ ਹੈ।’’ ਉਨ੍ਹਾਂ ਲਿਖਿਆ ਹੈ ਕਿ ਯੂਪੀਏ ਨਾਮ ਦੀ ਜਥੇਬੰਦੀ ਹੈ ਪਰ ਕੀ ਮੁਲਕ ’ਚ ਮਜ਼ਬੂਤ ਅਤੇ ਸੰਗਠਤ ਵਿਰੋਧੀ ਧਿਰ ਹੈ? ਇਹ ਸਵਾਲ ਅਜੇ ਵੀ ਕਾਇਮ ਹੈ। ਤਨਜ਼ ਕਸਦਿਆਂ ਕਿਹਾ ਗਿਆ ਹੈ ਕਿ ਸ਼ਰਦ ਪਵਾਰ ਦੀ ਦਿੱਲੀ ਰਿਹਾਇਸ਼ ’ਤੇ ਰਾਸ਼ਟਰੀ ਮੰਚ ਦੀ ਚਾਹ ਪਾਰਟੀ ਤੋਂ ਵਿਰੋਧੀ ਧਿਰ ਦੀ ਅਸਲ ਸਥਿਤੀ ਦਾ ਪਤਾ ਲਗਦਾ ਹੈ। ‘ਢਾਈ ਘੰਟਿਆਂ ਦੀ ਬੈਠਕ ’ਚੋਂ ਕੁਝ ਵੀ ਨਹੀਂ ਨਿਕਲਿਆ ਜਦਕਿ ਮੀਡੀਆ ਨੇ ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਸੀ।’ -ਪੀਟੀਆਈ