ਨਵੀਂ ਦਿੱਲੀ, 25 ਅਕਤੂਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਵਿਚ ਹਿੱਸਾ ਲੈ ਰਹੇ ‘ਯਾਤਰੀਆਂ’ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਤੋਹਫ਼ੇ ਭੇਟ ਕੀਤੇ ਹਨ। ਉਨ੍ਹਾਂ ਯਾਤਰਾ ਵਿੱਚ ਹਿੱਸਾ ਲੈ ਰਹੇ ਪੈਦਲ ਯਾਤਰੀਆਂ, ਡਰਾਈਵਰਾਂ ਤੇ ਵਰਕਰਾਂ ਨੂੰ ਚਾਂਦੀ ਤੇ ਸਿੱਕੇ ਤੇ ਮਠਿਆਈਆਂ ਭੇਟ ਕੀਤੀਆਂ। ਰਾਹੁਲ ਨੇ ਉਮੀਦ ਜਤਾਈ ਕਿ ਯਾਤਰੀਆਂ ਦਾ ਭਾਰਤ ਦੀਆਂ ਸੱਚੀਆਂ ਕਦਰਾਂ-ਕੀਮਤਾਂ ਵਿਚ ਯਕੀਨ ਨਫ਼ਰਤ ਨੂੰ ਹਰਾਏਗਾ। ਰਾਹੁਲ ਨੇ ਉਨ੍ਹਾਂ ਨੂੰ ਇਕ ਪੱਤਰ ਵੀ ਲਿਖਿਆ ਤੇ ਕਿਹਾ ਕਿ ਉਨ੍ਹਾਂ ਦਾ ਭਰੋਸਾ ਯਾਤਰਾ ਦੇ ਅਗਲੇ ਰਾਹ ਨੂੰ ਰੌਸ਼ਨ ਕਰੇਗਾ। ਕਾਂਗਰਸ ਪਾਰਟੀ ਨੇ ਵੀ ਰਾਹੁਲ ਦੇ ਪੱਤਰ ਨੂੰ ਟਵੀਟ ਕੀਤਾ। ਜ਼ਿਕਰਯੋਗ ਹੈ ਕਿ ਸਾਬਕਾ ਕਾਂਗਰਸ ਪ੍ਰਧਾਨ ਨੇ ਕੰਨਿਆਕੁਮਾਰੀ ਤੋਂ ਸੱਤ ਸਤੰਬਰ ਨੂੰ 3570 ਕਿਲੋਮੀਟਰ ਲੰਮੀ ਯਾਤਰਾ ਆਰੰਭੀ ਸੀ ਜੋ ਕਿ ਫਰਵਰੀ ਤੱਕ ਜਾਰੀ ਰਹੇਗੀ। ਇਹ 12 ਸੂਬਿਆਂ ਵਿਚੋਂ ਲੰਘੇਗੀ। -ਪੀਟੀਆਈ