ਨਵੀਂ ਦਿੱਲੀ/ਲਖਨਊ: ਕਾਂਗਰਸ ਆਗੂਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਬਸਪਾ ਪ੍ਰਧਾਨ ਮਾਇਆਵਤੀ ਨੇ ਉੱਤਰ ਪ੍ਰਦੇਸ਼ ’ਚ ਬਲਾਕ ਪੰਚਾਇਤ ਚੋਣਾਂ ਦੌਰਾਨ ਹੋਈ ਹਿੰਸਾ ਅਤੇ ਮਹਿਲਾ ਨਾਲ ਕੀਤੇ ਗਏ ਦੁਰਵਿਹਾਰ ਦੀ ਨਿਖੇਧੀ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸੂਬੇ ’ਚ ਹਿੰਸਾ ਨੂੰ ‘ਮਾਸਟਰਸਟਰੋਕ’ ਕਰਾਰ ਦਿੱਤਾ ਜਾ ਰਿਹਾ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕਰਕੇ ਦੋਸ਼ ਲਾਇਆ ਕਿ ਭਾਜਪਾ ਨੇ ਚੋਣਾਂ ਦੌਰਾਨ ਮਹਿਲਾ ਦੀ ਨਾਮਜ਼ਦਗੀ ਨੂੰ ਰੋਕਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਕੁਝ ਵਰ੍ਹੇ ਪਹਿਲਾਂ ਜਬਰ-ਜਨਾਹ ਪੀੜਤਾ ਨੇ ਭਾਜਪਾ ਵਿਧਾਇਕ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ ਅਤੇ ਉਸ ਨੂੰ ਤੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ‘ਹੁਣ ਭਾਜਪਾ ਨੇ ਮਹਿਲਾ ਦੀ ਨਾਮਜ਼ਦਗੀ ਰੋਕਣ ਲਈ ਸਾਰੀਆਂ ਹੱਦਾਂ ਟੱਪ ਲਈਆਂ ਹਨ। ਉਹੋ ਸਰਕਾਰ, ਉਹੋ ਵਤੀਰਾ।’ ਉਨ੍ਹਾਂ ਆਪਣੇ ਟਵੀਟ ਦੇ ਨਾਲ ਉਹ ਵੀਡੀਓ ਵੀ ਨੱਥੀ ਕੀਤਾ ਹੈ ਜਿਸ ’ਚ ਮਹਿਲਾ ਨੂੰ ਨਾਮਜ਼ਦਗੀ ਭਰਨ ਤੋਂ ਰੋਕਣ ਸਮੇਂ ਉਸ ਦੀ ਸਾੜੀ ਖਿਚਦਿਆਂ ਦਿਖਾਇਆ ਗਿਆ ਹੈ। ਉਧਰ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸਥਾਨਕ ਚੋਣਾਂ ’ਚ ਹੋਈ ਹਿੰਸਾ ਲਈ ਯੋਗੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਯੂਪੀ ’ਚ ‘ਜੰਗਲ ਰਾਜ’ ਦਾ ਬੋਲਬਾਲਾ ਹੈ। ਮਾਇਆਵਤੀ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਸਰਕਾਰ ਦੀ ਅਗਵਾਈ ਹੇਠ ਯੂਪੀ ’ਚ ਅਮਨ-ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਲਖੀਮਪੁਰ ਖੀਰੀ ’ਚ ਮਹਿਲਾ ਨਾਲ ਦੁਰਵਿਹਾਰ ਦੀ ਵੀ ਨਿਖੇਧੀ ਕੀਤੀ। ਇਕ ਹੋਰ ਟਵੀਟ ’ਚ ਉਨ੍ਹਾਂ ਚੰਦੌਲੀ ਇਲਾਕੇ ’ਚ ਦਲਿਤਾਂ ਦੇ ਘਰ ਢਾਹੁਣ ’ਤੇ ਕੇਂਦਰ ਅਤੇ ਸੂਬੇ ਦੇ ਦਲਿਤ ਮੰਤਰੀਆਂ ਦੀ ਖਾਮੋਸ਼ੀ ’ਤੇ ਸਵਾਲ ਵੀ ਉਠਾਏ। -ਪੀਟੀਆਈ