ਲਖਨਊ, 10 ਅਪਰੈਲ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਜਿਸ ’ਚ ਉਨ੍ਹਾਂ ਕਿਹਾ ਸੀ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਸਪਾ ਨੇ ਗੱਠਜੋੜ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ। ਮਾਇਆਵਤੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਹੋਰਨਾਂ ਪਾਰਟੀਆਂ ਦੀ ਫਿਕਰ ਛੱਡ ਕੇ ਆਪਣੇ ਘਰ ਵੱਲ ਧਿਆਨ ਦੇਣਾ ਚਾਹੀਦਾ ਹੈ।
ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੇਬੁਨਿਆਦ ਦੋਸ਼ ਲਾਏ ਜਾ ਰਹੇ ਹਨ ਤੇ ਇਸ ’ਚੋਂ ਉਨ੍ਹਾਂ ਦੀ ਪਾਰਟੀ ਦੀ ਜਾਤ ਆਧਾਰਿਤ ਸੋਚ ਦੀ ਝਲਕ ਪੈਂਦੀ ਹੈ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਕੱਲ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਾਡੀ ਪਾਰਟੀ ਤੇ ਖਾਸ ਤੌਰ ’ਤੇ ਪਾਰਟੀ ਮੁਖੀ ਨੂੰ ਲੈ ਕੇ ਜੋ ਟਿੱਪਣੀਆਂ ਕੀਤੀਆਂ ਹਨ, ਉਸ ਤੋਂ ਪਾਰਟੀ ਨਾਲ ਜੁੜੇ ਦਲਿਤਾਂ ਤੇ ਹੋਰਨਾਂ ਵਰਗਾਂ ਦੇ ਨਾਲ ਨਾਲ ਬਸਪਾ ਪ੍ਰਤੀ ਮਾੜੀ ਤੇ ਜਾਤ ਆਧਾਰਿਤ ਸੋਚ ਅਤੇ ਈਰਖਾ ਦੀ ਭਾਵਨਾ ਸਾਫ਼ ਝਲਕਦੀ ਹੈ।’ ਉਨ੍ਹਾਂ ਕਿਹਾ ਕਿ ਬਸਪਾ ’ਤੇ ਕੋਈ ਵੀ ਦੋਸ਼ ਲਾਉਣ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਕਾਂਗਰਸ ਆਗੂ ਆਪਣੇ ਖਿੰਡ ਰਹੇ ਘਰ ਨੂੰ ਬਚਾਉਣ ’ਚ ਨਾਕਾਮ ਰਹੇ ਹਨ ਤੇ ਬਸਪਾ ਦੇ ਕੰਮ ਕਰਨ ਦੇ ਢੰਗ ’ਤੇ ਉਂਗਲ ਚੁੱਕ ਰਹੇ ਹਨ। ਇਹ ਬਸਪਾ ਪ੍ਰਤੀ ਉਨ੍ਹਾਂ ਦੇ ਗੁੱਸੇ ਤੇ ਨਫ਼ਰਤ ਦਾ ਪ੍ਰਗਟਾਵਾ ਹੈ। -ਪੀਟੀਆਈ