ਨਵੀਂ ਦਿੱਲੀ, 8 ਜੂਨ
ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਨੇ ਸ਼ਨਿਚਰਵਾਰ ਨੂੰ ਸਰਬਸੰਮਤੀ ਨਾਲ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਮੇਵਾਰੀ ਸੰਭਾਲਣ। ਇਸ ਦੇ ਜਵਾਬ ’ਚ ਰਾਹੁਲ ਨੇ ਕਿਹਾ ਕਿ ਉਹ ਛੇਤੀ ਹੀ ਕੋਈ ਫ਼ੈਸਲਾ ਲੈਣਗੇ। ਸੀਡਬਲਿਊਸੀ ਦੀ ਮੀਟਿੰਗ ਦੀ ਪ੍ਰਧਾਨਗੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੀਤੀ ਜਿਸ ’ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਹੋਰ ਆਗੂ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ’ਚ ਪਾਰਟੀ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਗਈ ਪਰ ਇਹ ਵੀ ਫ਼ੈਸਲਾ ਲਿਆ ਗਿਆ ਕਿ ਜਿਨ੍ਹਾਂ ਸੂਬਿਆਂ ’ਚ ਕਾਰਗੁਜ਼ਾਰੀ ਮਾੜੀ ਰਹੀ ਹੈ, ਉਨ੍ਹਾਂ ਲਈ ਵੱਖੋ-ਵੱਖਰੀਆਂ ਕਮੇਟੀਆਂ ਬਣਾ ਕੇ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਕਦਮ ਚੁੱਕੇ ਜਾਣਗੇ।
ਖੜਗੇ ਨੇ ਕਿਹਾ ਕਿ ਲੋਕ ਸਭਾ ਚੋਣਾਂ ’ਚ ਵੰਡੀਆਂ ਪਾਉਣ ਅਤੇ ਨਫ਼ਰਤ ਦੀ ਸਿਆਸਤ ਨੂੰ ਨਕਾਰਨ ਦਾ ਫ਼ਤਵਾ ਮਿਲਿਆ ਹੈ ਅਤੇ ‘ਇੰਡੀਆ’ ਗੱਠਜੋੜ ਨੂੰ ਸੰਸਦ ਦੇ ਅੰਦਰ ਅਤੇ ਬਾਹਰ ਰਲ ਕੇ ਮਜ਼ਬੂਤੀ ਨਾਲ ਕੰਮ ਕਰਨਾ ਚਾਹੀਦਾ ਹੈ। ਸੀਡਬਲਿਊਸੀ ’ਚ ਦੋ ਮਤੇ ਪਾਸ ਕੀਤੇ ਗਏ ਜਿਨ੍ਹਾਂ ’ਚੋਂ ਇਕ ਰਾਹੁਲ ਗਾਂਧੀ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਸੰਭਾਲਣ ਦੀ ਅਪੀਲ ਸ਼ਾਮਲ ਹੈ। ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਰਾਹੁਲ ਨੇ ਸੀਡਬਲਿਊਸੀ ਮੈਂਬਰਾਂ ਦੀਆਂ ਭਾਵਨਾਵਾਂ ਦਾ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਕਿਹਾ ਕਿ ਉਹ ਛੇਤੀ ਹੀ ਇਸ ਬਾਰੇ ਫ਼ੈਸਲਾ ਲੈਣਗੇ। ਦੂਜੇ ਮਤੇ ’ਚ ਸੀਡਬਲਿਊਸੀ ਨੇ ਲੋਕਤੰਤਰ ਬਹਾਲ ਰੱਖਣ, ਸੰਵਿਧਾਨ ਦੀ ਰਾਖੀ ਅਤੇ ਸਮਾਜਿਕ ਤੇ ਆਰਥਿਕ ਨਿਆਂ ਵਧਾਉਣ ਲਈ ਮਜ਼ਬੂਤੀ ਨਾਲ ਵੋਟਾਂ ਪਾਉਣ ਵਾਸਤੇ ਲੋਕਾਂ ਨੂੰ ਵਧਾਈ ਦਿੱਤੀ। ਮਤੇ ’ਚ ਕਿਹਾ ਗਿਆ, ‘‘ਲੋਕਾਂ ਨੇ ਪਿਛਲੇ ਇਕ ਦਹਾਕੇ ਤੋਂ ਸਰਕਾਰ ਦੇ ਮੁੱਦਿਆਂ ਅਤੇ ਕੰਮ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਲੋਕਾਂ ਦਾ ਫ਼ੈਸਲਾ ਪ੍ਰਧਾਨ ਮੰਤਰੀ ਲਈ ਨਾ ਸਿਰਫ਼ ਸਿਆਸੀ ਸਗੋਂ ਨਿੱਜੀ ਅਤੇ ਨੈਤਿਕ ਹਾਰ ਵੀ ਹੈ ਜਿਨ੍ਹਾਂ ਆਪਣੇ ਨਾਮ ’ਤੇ ਵੋਟ ਮੰਗੇ ਅਤੇ ਝੂਠ, ਨਫ਼ਰਤ, ਹੰਕਾਰ, ਵੰਡੀਆਂ ਪਾਉਣ ਅਤੇ ਅਸਹਿਣਸ਼ੀਲਤਾ ਦਾ ਪ੍ਰਚਾਰ ਕੀਤਾ।’’ ਮੀਟਿੰਗ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਕਾਂਗਰਸ ਦੀ ਸੁਰਜੀਤੀ ਦਾ ਜਸ਼ਨ ਮਨਾਉਣ ਦੌਰਾਨ ਥੋੜਾ ਰੁਕ ਕੇ ਸੋਚਣ ਦੀ ਵੀ ਲੋੜ ਹੈ ਕਿਉਂਕਿ ਪਾਰਟੀ ਕੁਝ ਸੂਬਿਆਂ ’ਚ ਆਪਣੀ ਯੋਗਤਾ ਅਤੇ ਆਸਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ‘ਜਿਨ੍ਹਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਵਧੀਆ ਪ੍ਰਦਰਸ਼ਨ ਕਰਕੇ ਸਰਕਾਰ ਬਣਾਈ ਸੀ, ਉਨ੍ਹਾਂ ’ਚ ਅਸੀਂ ਜਿੱਤ ਦਾ ਪਰਚਮ ਦੁਹਰਾ ਨਹੀਂ ਸਕੇ। ਅਜਿਹੇ ਸੂਬਿਆਂ ’ਚ ਛੇਤੀ ਹੀ ਵੱਖਰੇ ਤੌਰ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।’ ਖੜਗੇ ਨੇ ਕਿਹਾ ਕਿ ਕਾਂਗਰਸ ਸੱਤਾ ’ਚ ਹੋਵੇ ਜਾਂ ਨਹੀਂ ਪਰ ਪਾਰਟੀ 24 ਘੰਟੇ, 365 ਦਿਨ ਲੋਕਾਂ ’ਚ ਕੰਮ ਕਰਨਾ ਜਾਰੀ ਰਖੇਗੀ ਅਤੇ ਉਨ੍ਹਾਂ ਦੇ ਮੁੱਦੇ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਜਿਥੇ ਵੀ ਭਾਰਤ ਜੋੜੋ ਯਾਤਰਾ ਨਿਕਲੀ, ਉਥੇ ਕਾਂਗਰਸ ਦਾ ਵੋਟ ਫ਼ੀਸਦ ਅਤੇ ਸੀਟਾਂ ਦੀ ਗਿਣਤੀ ਵਧੀ ਹੈ। ਕਾਂਗਰਸ ਪ੍ਰਧਾਨ ਨੇ ‘ਇੰਡੀਆ’ ਗੱਠਜੋੜ ਦੇ ਭਾਈਵਾਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰੇਕ ਪਾਰਟੀ ਨੇ ਵੱਖ-ਵੱਖ ਸੂਬਿਆਂ ’ਚ ਤੈਅ ਕੀਤੀ ਗਈ ਭੂਮਿਕਾ ਨਿਭਾਈ ਅਤੇ ਹਰੇਕ ਪਾਰਟੀ ਨੇ ਦੂਜੇ ਲਈ ਯੋਗਦਾਨ ਦਿੱਤਾ। ਮਤੇ ਵਿੱਚ ਸੀਡਬਲਿਊਸੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਪਾਰਟੀ ਨੂੰ ਮਜ਼ਬੂਤੀ ਨਾਲ ਸੁਰਜੀਤੀ ਦੇ ਰਾਹ ’ਤੇ ਪਾਇਆ ਹੈ। ‘ਪਾਰਟੀ ਨੇ ਸ਼ਾਨਦਾਰ ਮੁਹਿੰਮ ਚਲਾਈ ਜਿਸ ਦੇ ਕੇਂਦਰ ’ਚ ਸਾਡੇ ਗਣਰਾਜ ਦਾ ਸੰਵਿਧਾਨ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਓਬੀਸੀਜ਼ ਲਈ ਰਾਖਵੇਂਕਰਨ ਦੇ ਪ੍ਰਬੰਧਾਂ ਦਾ ਜ਼ੋਰਦਾਰ ਬਚਾਅ ਸੀ। ਅਸੀਂ ਇੱਕ ਸਪੱਸ਼ਟ ਬਦਲਵਾਂ ਸਿਆਸੀ, ਆਰਥਿਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ।’ ਉਧਰ ਮੋਦੀ ’ਤੇ ਤਿੱਖਾ ਹਮਲਾ ਕਰਦਿਆਂ ਖੜਗੇ ਨੇ ਕਿਹਾ ਕਿ ਐੱਨਡੀਏ ਦੀ ਮੀਟਿੰਗ ਵਿੱਚ ਜਦੋਂ ਮੋਦੀ ਨੇ ਸੰਵਿਧਾਨ ਉਠਾ ਕੇ ਮੱਥੇ ਨੂੰ ਲਾਇਆ ਸੀ ਤਾਂ ਉਹ ਭੁੱਲ ਗਏ ਸਨ ਕਿ ਉਨ੍ਹਾਂ ਨੇ ਪਿਛਲੇ ਸਮੇਂ ਸੰਵਿਧਾਨਕ ਰਵਾਇਤਾਂ ਦੀ ਉਲੰਘਣਾ ਕੀਤੀ ਸੀ ਅਤੇ ਪਿਛਲੇ 10 ਸਾਲਾਂ ਵਿੱਚ ਸੰਸਦ ਨੂੰ ਕਮਜ਼ੋਰ ਕੀਤਾ ਹੈ। ਇੱਥੇ ਕਾਂਗਰਸ ਸੰਸਦੀ ਪਾਰਟੀ (ਸੀਪੀਪੀ) ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਸੀਪੀਪੀ ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਕ੍ਰਿਸ਼ਮਈ ਅਗਵਾਈ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। -ਪੀਟੀਆਈ
ਸੋਨੀਆ ਗਾਂਧੀ ਕਾਂਗਰਸ ਸੰਸਦੀ ਦਲ ਦੀ ਮੁੜ ਚੇਅਰਪਰਸਨ ਬਣੀ
ਨਵੀਂ ਦਿੱਲੀ: ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਅੱਜ ਕਾਂਗਰਸ ਸੰਸਦੀ ਦਲ ਦਾ ਮੁੜ ਤੋਂ ਸਰਬਸੰਮਤੀ ਨਾਲ ਚੇਅਰਪਰਸਨ ਚੁਣ ਲਿਆ ਗਿਆ। ਪਾਰਟੀ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚੇਅਰਪਰਸਨ ਵਜੋਂ ਸੋਨੀਆ ਦੇ ਨਾਮ ਦੀ ਸਿਫ਼ਾਰਿਸ਼ ਕੀਤੀ। ਗੌਰਵ ਗੋਗੋਈ, ਕੇ. ਸੁਧਾਕਰਨ ਅਤੇ ਤਾਰਿਕ ਅਨਵਰ ਨੇ ਪ੍ਰਸਤਾਵ ਦੀ ਤਾਈਦ ਕੀਤੀ। ਸੋਨੀਆ (77) ਫਰਵਰੀ ’ਚ ਰਾਜ ਸਭਾ ਲਈ ਚੁਣੀ ਗਈ ਸੀ। ਚੇਅਰਪਰਸਨ ਚੁਣੇ ਜਾਣ ਮਗਰੋਂ ਪਾਰਟੀ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੋਨੀਆ ਨੇ ਕਿਹਾ ਕਿ ਨਾਕਾਮੀ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਪ੍ਰਧਾਨ ਮੰੰਤਰੀ ਐਤਵਾਰ ਨੂੰ ਦੁਬਾਰਾ ਹਲਫ਼ ਲੈਣ ਵਾਲੇ ਹਨ। ‘ਸਾਨੂੰ ਉਨ੍ਹਾਂ ਤੋਂ ਸਰਕਾਰ ਚਲਾਉਣ ਦੇ ਢੰਗ-ਤਰੀਕੇ ਬਦਲਣ ਜਾਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੀ ਕੋਈ ਆਸ ਦਿਖਾਈ ਨਹੀਂ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਸਿਰਫ਼ ਆਪਣੇ ਨਾਮ ’ਤੇ ਵੋਟ ਮੰਗੇ ਸਨ ਪਰ ਉਨ੍ਹਾਂ ਨੂੰ ਸਿਆਸੀ ਅਤੇ ਨੈਤਿਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਨੂੰ ਸਾਰਿਆਂ ਨੂੰ ਮੋਦੀ ਅਤੇ ਉਨ੍ਹਾਂ ਦੀ ਨਵੀਂ ਐੱਨਡੀਏ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਲਈ ਵਧੇਰੇ ਚੌਕਸ ਰਹਿਣਾ ਪਵੇਗਾ।’ -ਪੀਟੀਆਈ