ਨਵੀਂ ਦਿੱਲੀ, 26 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਾਸ਼ਤ ਪ੍ਰਦੇਸ਼ ਲਕਸ਼ਦੀਪ ਵਿੱਚ ਨਵੇਂ ਬਣਾਏ ਗਏ ਨਿਯਮਾਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਗਰ ਵਿੱਚ ਸਥਿਤ ਭਾਰਤ ਦੇ ਇਸ ਨਗੀਨੇ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲਕਸ਼ਦੀਪ ਵਾਸੀਆਂ ਨਾਲ ਖੜ੍ਹੇ ਹਨ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਸਾਗਰ ਵਿੱਚ ਲਕਸ਼ਦੀਪ ਭਾਰਤ ਦਾ ਗਹਿਣਾ ਹੈ। ਸੱਤਾ ’ਤੇ ਬੈਠੇ ਜਾਹਿਲ ਕੱਟੜ ਲੋਕ ਇਸ ਨੂੰ ਨਸ਼ਟ ਕਰ ਰਹੇ ਹਨ। ਮੈਂ ਇੱਥੋਂ ਦੇ ਵਾਸੀਆਂ ਨਾਲ ਖੜ੍ਹਾ ਹਾਂ। ਕਾਂਗਰਸ ਨੇ ਇਨ੍ਹਾਂ ਨਿਯਮਾਂ ਨੂੰ ਵਾਪਸ ਲੈਣ ਅਤੇ ਲਕਸ਼ਦੀਪ ਦੇ ਪ੍ਰਸ਼ਾਸਕ ਪ੍ਰਫੁੱਲ ਪਟੇਲ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਦਿਆਂ ਫ਼ੈਸਲਿਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ। -ਪੀਟੀਆਈ