ਨਵੀਂ ਦਿੱਲੀ, 27 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲਕਸ਼ਦੀਪ ’ਚ ਨਵੇਂ ਨੇਮਾਂ ਨੂੰ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਹ ਨਿਯਮ ਅਸਹਿਮਤੀ ਦੇ ਸੁਰਾਂ ਨੂੰ ਦਬਾਉਣ ਅਤੇ ਹੇਠਲੇ ਪੱਧਰ ’ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੇ ਹਨ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ’ਚ ਉਨ੍ਹਾਂ ਕਿਹਾ ਕਿ ਨਵੇਂ ਪ੍ਰਸ਼ਾਸਕ ਪ੍ਰਫੁੱਲ ਖੋਡਾ ਪਟੇਲ ਵੱਲੋਂ ਵਿਕਾਸ ਅਤੇ ਅਮਨ-ਕਾਨੂੰਨ ਦੇ ਨਾਮ ’ਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਲਕਸ਼ਦੀਪ ਦੇ ਲੋਕ ਵਿਕਾਸ ਦੇ ਨਜ਼ਰੀਏ ਵਾਲੇ ਪ੍ਰਸ਼ਾਸਕ ਦੀ ਉਮੀਦ ਰਖਦੇ ਹਨ ਜੋ ਉਨ੍ਹਾਂ ਦੇ ਖੁਸ਼ਹਾਲ ਜੀਵਨ ਅਤੇ ਖਾਹਿਸ਼ਾਂ ਨੂੰ ਪੂਰਾ ਕਰਨ ਵੱਲ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਲਕਸ਼ਦੀਪ ਦੇ ਪ੍ਰਸ਼ਾਸਨ ਵੱਲੋਂ ਐਲਾਨੀਆਂ ਗਈਆਂ ਲੋਕ ਵਿਰੋਧੀ ਨੀਤੀਆਂ ਉਨ੍ਹਾਂ ਦੇ ਭਵਿੱਖ ਲਈ ਖ਼ਤਰਾ ਹਨ ਅਤੇ ਪ੍ਰਫੁੱਲ ਖੋਡਾ ਪਟੇਲ ਨੇ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਇਨ੍ਹਾਂ ਬਦਲਾਵਾਂ ਬਾਰੇ ਕੋਈ ਵਿਚਾਰ ਵਟਾਂਦਰਾ ਤੱਕ ਨਹੀਂ ਕੀਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਲਕਸ਼ਦੀਪ ਦੇ ਲੋਕ ਇਕਪਾਸੜ ਕਾਰਵਾਈਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤੀ ਨੇਮਾਂ ਦੇ ਖਰੜੇ ’ਚ ਦੋ ਤੋਂ ਜ਼ਿਆਦਾ ਬੱਚਿਆਂ ਵਾਲੇ ਮੈਂਬਰਾਂ ਨੂੰ ਅਯੋਗ ਠਹਿਰਾਉਣਾ ਲੋਕਤੰਤਰ ਵਿਰੋਧੀ ਫ਼ੈਸਲਾ ਹੈ। ਉਨ੍ਹਾਂ ਬੇਯਪੋਰ ਬੰਦਰਗਾਹ ਨਾਲ ਸਬੰਧ ਤੋੜਨ ਦੀਆਂ ਕੋਸ਼ਿਸ਼ਾਂ ਦੀ ਵੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਬਾਵਜੂਦ ਪ੍ਰਸ਼ਾਸਨ ਨੇ ਮਛੇਰਿਆਂ ਲਈ ਵਰਤੇ ਜਾਂਦੇ ਢਾਂਚਿਆਂ ਨੂੰ ਤੋੜ ਦਿੱਤਾ। -ਪੀਟੀਆਈ
ਸਟਾਲਿਨ ਅਤੇ ਵਾਇਕੋ ਵੱਲੋਂ ਲਕਸ਼ਦੀਪ ਦੇ ਪ੍ਰਸ਼ਾਸਕ ਨੂੰ ਵਾਪਸ ਸੱਦਣ ਦੀ ਮੰਗ
ਚੇਨੱਈ: ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦੀਪ ’ਚ ਲੋਕ ਵਿਰੋਧੀ ਕਾਨੂੰਨ ਥੋਪ ਰਹੇ ਪ੍ਰਸ਼ਾਸਕ ਪ੍ਰਫੁੱਲ ਖੋਡਾ ਪਟੇਲ ਨੂੰ ਵਾਪਸ ਸੱਦ ਲੈਣ। ਐੱਮਡੀਐੱਮਕੇ ਮੁਖੀ ਵਾਇਕੋ ਨੇ ਵੀ ਵਿਕਾਸ ਅਥਾਰਿਟੀ ਨੇਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਤਿੱਖੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਲਕਸ਼ਦੀਪ ਦੇ ਲੋਕਾਂ ਦੇ ਬੁਨਿਆਦੀ ਹੱਕਾਂ ਖ਼ਿਲਾਫ਼ ਹਨ। ਰਾਜ ਸਭਾ ਮੈਂਬਰ ਨੇ ਵੀ ਪ੍ਰਸ਼ਾਸਕ ਪਟੇਲ ਨੂੰ ਵਾਪਸ ਸੱਦਣ ਦੀ ਮੰਗ ਦੀ ਹਮਾਇਤ ਕੀਤੀ ਹੈ। -ਪੀਟੀਆਈ