ਨਵੀਂ ਦਿੱਲੀ/ਪਟਨਾ, 8 ਅਕਤੂਬਰ
ਸੀਬੀਆਈ ਨੇ ਅੱਜ ਲਾਲੂ ਪ੍ਰਸਾਦ ਯਾਦਵ ਦੇ ਮੰਤਰੀ ਹੋਣ ਸਮੇਂ ਰੇਲਵੇ ਵਿੱਚ ਕਥਿਤ ‘ਜ਼ਮੀਨ ਬਦਲੇ ਨੌਕਰੀ ਘੁਟਾਲੇ’ ਦੇ ਸਬੰਧ ਵਿੱਚ ਉਨ੍ਹਾਂ ਦੇ ਪੁੱਤਰ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਨਿੱਜੀ ਸਕੱਤਰ ਸੰਜੈ ਯਾਦਵ ਤੋਂ ਪੁੱਛ ਪੜਤਾਲ ਕੀਤੀ। ਸੀਬੀਆਈ ਵੱਲੋਂ ਇਸ ਮਾਮਲੇ ’ਚ ਸ਼ੁੱਕਰਵਾਰ ਨੂੰ ਸਾਬਕਾ ਰੇਲਵੇ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਅਤੇ ਬੇਟੀ ਮੀਸਾ ਭਾਰਤੀ ਸਣੇ 14 ਹੋਰਨਾਂ ਖ਼ਿਲਾਫ਼ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਏਜੰਸੀ ਵੱਲੋਂ ਦੋਸ਼ ਪੱਤਰ ਦਾਖਲ ਕੀਤੇ ਜਾਣ ਦੇ ਇੱਕ ਦਿਨ ਬਾਅਦ ਅੱਜ ਸੰਜੈ ਯਾਦਵ ਨੂੰ ਤਲਬ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਜੈ ਸਿੰਘ, ਜੋ ਕਿ 2015 ਵਿੱਚ ਤੇਜਸਵੀ ਯਾਦਵ ਦੇ ਉਪ ਮੰਤਰੀ ਵਜੋਂ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਦਾ ਨਿੱਜੀ ਸਕੱਤਰ ਰਿਹਾ, ਨੂੰ ਪਹਿਲਾਂ ਵੀ ਬੁਲਾਇਆ ਸੀ ਪਰ ਉਸ ਨੇ ਸੀਬੀਆਈ ਦੇ ਨੋਟਿਸਾਂ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਅਧਿਕਾਰੀਆਂ ਮੁਤਾਬਕ ਸੰਜੈ ਯਾਦਵ ਅੱਜ ਸਵੇਰੇ ਏਜੰਸੀ ਦੇ ਹੈੱਡਕੁਆਰਟਰ ਪਹੁੰਚਿਆ ਜਿੱਥੇ ਉਸ ਤੋਂ ਪੁੱਛ ਪੜਤਾਲ ਕੀਤੀ ਗਈ। ਇਸੇ ਦੌਰਾਨ ਮਾਮਲੇ ਨੂੰ ਲੈ ਕੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਭਾਜਪਾ ’ਤੇ ਨਿਸ਼ਾਨਾ ਸੇਧਿਆ ਹੈ। ਆਰਜੇਡੀ ਨੇਤਾ ਯਾਦਵ ਨੇ ਕਿਹਾ, ‘‘ਬਿਹਾਰ ਵਿੱਚ ਸੱਤਾ ਗੁਆ ਚੁੱਕੀ ਭਾਜਪਾ ਸਾਡੇ ਤੋਂ ਪ੍ਰੇਸ਼ਾਨ ਹੈ। ਉਹ ਜਾਣਦੀ ਹੈ ਕਿ ਉਸ ਕੋਲ ਮਹਾਂਗਠਬੰਧਨ ਖ਼ਿਲਾਫ਼ ਕੋਈ ਮੌਕਾ ਨਹੀਂ ਹੈ। ਉਸ ਨੇ ਏਜੰਸੀਆਂ ਦੀ ਦੁਰਵਰਤੋਂ ਦੀ ਰਣਨੀਤੀ ਤਹਿਤ ਸੀਬੀਆਈ ਨੂੰ ਖੁੱਲ੍ਹਾ ਛੱਡ ਦਿੱਤਾ ਹੈ। ਮੈਂ ਹੁਣ ਸੀਬੀਆਈ ਕਾਰਵਾਈ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦਾ। ਇਸ ਲਈ, ਮੈਨੂੰ ਲੱਗਦਾ ਹੈ ਕਿ ਜਲਦੀ ਹੀ ਈਡੀ ਸਾਡੇ ਮਗਰ ਲਾਈ ਜਾਵੇਗੀ।’’
ਲਾਲੂ ਯਾਦਵ ਖ਼ਿਲਾਫ਼ ਦੋਸ਼ ਪੱਤਰ ਤੋਂ ਨਿਤੀਸ਼ ਕੁਮਾਰ ਨਾਰਾਜ਼
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਥਿਤ ਰੇਲਵੇ ਘੁਟਾਲੇ ’ਚ ਸੀਬੀਆਈ ਵੱਲੋਂ ਆਪਣੇ ਸਹਿਯੋਗੀ ਲਾਲੂ ਪ੍ਰਸਾਦ ਖ਼ਿਲਾਫ਼ ਦੋਸ਼ ਪੱਤਰ ਦਾਖਲ ਕਰਨ ਖ਼ਿਲਾਫ਼ ਨਾਰਾਜ਼ਗੀ ਪ੍ਰਗਟਾਈ ਹੈ। ਨਿਤੀਸ਼ ਕੁਮਾਰ ਨੇ ਪਟਨਾ ਹਾਈ ਕੋਰਟ ਵੱਲੋਂ ਮਿਉਂਸਿਪਲ ਕਾਰਪੋਰੇਸ਼ਨ ਚੋਣਾਂ ’ਚ ਹੋਰ ਪੱਛੜੇ ਵਰਗ (ਓਬੀਸੀ) ਅਤੇ ਆਰਥਿਕ ਪੱਛੜੇ ਵਰਗ (ਈਬੀਸੀ) ਦਾ ਰਾਖਵਾਂਕਰਨ ਰੱਦ ਕੀਤੇ ਜਾਣ ਦੇ ਫੈਸਲੇ ਦੀ ਜ਼ਿੰਮੇਵਾਰੀ ਉਨ੍ਹਾਂ ’ਤੇ ਸੁੱਟੇ ਜਾਣ ਲਈ ਭਾਜਪਾ ’ਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ, ‘‘ਤੁਸੀਂ ਪੰਜ ਸਾਲ ਪਹਿਲਾਂ ਦੀ ਘਟਨਾ ਯਾਦ ਕਰ ਸਕਦੇ ਹੋ ਜਿਸ ਕਾਰਨ ਮੈਨੂੰ ਗੱਠਜੋੜ ’ਚੋਂ ਬਾਹਰ ਹੋਣਾ ਪਿਆ ਸੀ।’’ ਮੁੱਖ ਮੰਤਰੀ ਨੇ ਕਿਹਾ, ‘‘ਉਸ ਮਾਮਲੇ ਵਿੱਚੋਂ ਕੁਝ ਵੀ ਨਹੀਂ ਨਿਕਲਿਆ। ਮੈਂ ਦੁਬਾਰਾ ਗੱਠਜੋੜ ਵਿੱਚ ਆਇਆ ਅਤੇ ਨਵੀਂਆਂ ਚੀਜ਼ਾਂ ਸ਼ੁਰੂ ਹੋ ਗਈਆਂ ਹਨ। ਇਹ ਕੋਈ ਤਰੀਕਾ ਹੈੈੈ? ਅਜਿਹਾ ਲੱਗਦਾ ਹੈ ਕਿ ਉਹ ‘ਸਨਕ ਅਤੇ ਕਲਪਨਾ’ ਦੇ ਆਧਾਰ ’ਤੇ ਕੰਮ ਰਹੇ ਹਨ।’’