ਤਿਰੂਵਨੰਤਪੁਰਮ, 18 ਮਈ
ਕੇਰਲਾ ਦੇ ਕਈ ਹਿੱਸਿਆਂ ’ਚ ਪੈ ਰਹੇ ਮੋਹਲੇਧਾਰ ਮੀਂਹ ਦਰਮਿਆਨ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਚਾਰ ਜ਼ਿਲ੍ਹਿਆਂ ਕੋਜ਼ੀਕੋਡ, ਵਾਇਨਾਡ, ਕੰਨੂਰ ਅਤੇ ਕਸਾਰਗੋਡ ’ਚ ਰੈੱਡ ਅਲਰਟ ਐਲਾਨ ਦਿੱਤਾ ਹੈ। ਮੌਸਮ ਵਿਭਾਗ ਨੇ ਤ੍ਰਿਚੂਰ, ਪਲੱਕੜ ਅਤੇ ਮਾਲਾਪੁਰਮ ਸਮੇਤ ਸੱਤ ਜ਼ਿਲ੍ਹਿਆਂ ’ਚ ਔਰੇਂਜ ਅਲਰਟ ਐਲਾਨਿਆ ਹੈ। ਕੇਰਲਾ ਪ੍ਰਦੇਸ਼ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਅਗਲੇ ਪੰਜ ਦਿਨਾਂ ਲਈ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਕੇਰਲਾ ’ਚ ਪਿਛਲੇ ਕੁਝ ਦਿਨਾਂ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ ਜਿਸ ਨਾਲ ਕਈ ਥਾਵਾਂ ’ਤੇ ਜਨਜੀਵਨ ਲੀਹ ਤੋਂ ਉਤਰ ਗਿਆ ਹੈ। ਕੌਮੀ ਆਫ਼ਤ ਪ੍ਰਬੰਧਨ ਬਲ ਨੇ ਪਹਿਲਾਂ ਹੀ ਕੇਰਲਾ ’ਚ ਪੰਜ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਪ੍ਰਦੇਸ਼ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਲੋਕਾਂ ਨੂੰ ਦਰਿਆਵਾਂ ਅਤੇ ਹੋਰ ਪਾਣੀ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਉਧਰ ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਮੌਨਸੂਨ ਨਾਲ ਸਬੰਧਤ ਮੁਸ਼ਕਲਾਂ ਦੇ ਟਾਕਰੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਅੱਜ ਬੈਠਕ ਕਰਕੇ ਸਥਾਨਕ ਸਰਕਾਰਾਂ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਕਿ ਉਹ ਆਪਣੇ ਖੇਤਰਾਂ ’ਚ ਖ਼ਤਰੇ ਵਾਲੇ ਇਲਾਕਿਆਂ ਸਬੰਧੀ ਸੂਚੀ ਤਿਆਰ ਕਰਕੇ ਪਿੰਡਾਂ ਦੇ ਅਧਿਕਾਰੀਆਂ, ਪੁਲੀਸ, ਫਾਇਰ ਸੇਵਾਵਾਂ ਅਤੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਕੋਲ ਪੁਜਦਾ ਕਰਨ। ਉੱਚ ਜੋਖ਼ਮ ਵਾਲੇ ਇਲਾਕਿਆਂ ’ਚੋਂ ਲੋਕਾਂ ਨੂੰ ਕੱਢ ਕੇ ਰਾਹਤ ਕੈਂਪਾਂ ਤੱਕ ਪਹੁੰਚਾਉਣ ਸਬੰਧੀ ਜਾਣਕਾਰੀ ਵੀ ਸਾਂਝੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਜਯਨ ਨੇ ਸਾਰੀਆਂ ਥਾਵਾਂ ’ਤੇ ਕੰਟਰੋਲ ਰੂਮ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ। -ਪੀਟੀਆਈ
ਅਸਾਮ ਦੇ ਪਹਾੜੀ ਇਲਾਕਿਆਂ ’ਚ ਮੀਂਹ ਕਾਰਨ ਢਿੱਗਾਂ ਡਿੱਗੀਆਂ
ਨਵੀਂ ਦਿੱਲੀ: ਅਸਾਮ ’ਚ ਮੋਹਲੇਧਾਰ ਮੀਂਹ ਦਾ ਅਸਰ ਪਹਾੜੀ ਇਲਾਕਿਆਂ ’ਤੇ ਵੀ ਪਿਆ ਹੈ। ਲੁਮਡਿੰਗ-ਬਦਰਪੁਰ ਪਹਾੜੀ ਇਲਾਕੇ ’ਚ ਪਾਣੀ ਭਰ ਗਿਆ ਹੈ ਅਤੇ ਢਿੱਗਾਂ ਡਿੱਗਣ ਕਾਰਨ ਰੇਲ ਪਟੜੀਆਂ, ਪੁਲ, ਸੜਕਾਂ ਅਤੇ ਸੰਚਾਰ ਦੇ ਸਾਧਨਾਂ ’ਤੇ ਅਸਰ ਪਿਆ ਹੈ। ਹੜ੍ਹਾਂ ਕਾਰਨ ਦੋ ਟਰੇਨਾਂ ਸਿਲਚਰ-ਗੁਹਾਟੀ ਐਕਸਪ੍ਰੈੱਸ ਡਿਟੋਕਛੇੜਾ ਸਟੇਸ਼ਨ ਅਤੇ ਗੁਹਾਟੀ-ਸਿਲਚਰ ਐਕਸਪ੍ਰੈੱਸ ਨਿਊ ਹਫਲੌਂਗ ਸਟੇਸ਼ਨ ’ਤੇ ਫਸੀਆਂ ਹੋਈਆਂ ਹਨ ਜਿਨ੍ਹਾਂ ’ਚ ਕਰੀਬ 2800 ਮੁਸਾਫ਼ਰ ਹਨ। ਇਨ੍ਹਾਂ ਲੋਕਾਂ ਨੂੰ ਆਪਣੇ ਪਰਿਵਾਰਾਂ ਨਾਲ ਰਾਬਤਾ ਬਣਾਉਣ ਲਈ ਰੇਲ-ਟੈੱਲ ਨੇ ਵਾਈ-ਫਾਈ ਦਾ ਉਚੇਚੇ ਤੌਰ ’ਤੇ ਪ੍ਰਬੰਧ ਕੀਤਾ ਹੈ। ਅਸਾਮ ’ਚ ਮੀਂਹ ਦਾ ਅਜੇ ਵੀ ਕਹਿਰ ਜਾਰੀ ਹੈ ਅਤੇ ਹੜ੍ਹਾਂ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਮੋਹਲੇਧਾਰ ਮੀਂਹ ਕਾਰਨ 8 ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ ਲੱਖਾਂ ਲੋਕ ਘਰ ਛੱਡਣ ਨੂੰ ਮਜਬੂਰ ਹੋ ਗਏ ਹਨ। -ਪੀਟੀਆਈ