ਠਾਣੇ, 17 ਮਈ
ਕੇਂਦਰੀ ਮੰਤਰੀ ਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਦੇ ਪ੍ਰਮੁੱਖ ਰਾਮਦਾਸ ਅਠਾਵਲੇ ਨੇ ਐੱਮਐੱਨਐੱਸ ਦੇ ਪ੍ਰਧਾਨ ਰਾਜ ਠਾਕਰੇ ਨੂੰ ਅਗਲੇ ਮਹੀਨੇ ਅਯੁੱਧਿਆ ਜਾਣ ਤੋਂ ਪਹਿਲਾਂ ਉੱਤਰ ਭਾਰਤ ਦੇ ਲੋਕਾਂ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਠਾਣੇ ਦੇ ਦੌਰੇ ’ਤੇ ਆਏ ਅਠਾਵਲੇ ਨੇ ਕਿਹਾ ਕਿ ਮਹਾਰਾਸ਼ਟਰ ਨੂੰ ਬ੍ਰਾਹਮਣ ਮੁੱਖ ਮੰਤਰੀ ਦੀ ਲੋੜ ਹੈ। ਹਾਲ ਹੀ ਵਿੱਚ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਰਾਜ ਠਾਕਰੇ ਦੀ 5 ਜੂਨ ਨੂੰ ਪ੍ਰਸਤਾਵਿਤ ਅਯੁੱਧਿਆ ਯਾਤਰਾ ਦਾ ਵਿਰੋਧ ਕੀਤਾ ਸੀ ਅਤੇ ਚਿਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਉਹ ਉੱਤਰ ਭਾਰਤੀਆਂ ਨੂੰ ‘ਅਪਮਾਨਿਤ’ ਕਰਨ ਲਈ ਜਨਤਕ ਤੌਰ ’ਤੇ ਮੁਆਫੀ ਨਹੀਂ ਮੰਗਦੇ, ਉਦੋਂ ਤੱਕ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਰਾਜ ਠਾਕਰੇ ਨੇ ਮਹਾਰਾਸ਼ਟਰ ਦੀਆਂ ਮਸਜਿਦਾਂ ਤੋਂ ਸਪੀਕਰ ਹਟਾਉਣ ਦੀ ਮੰਗ ਕੀਤੀ ਸੀ, ਜਿਸ ਦੀ ਭਾਜਪਾ ਨੇ ਹਮਾਇਤ ਕੀਤੀ ਸੀ। -ਪੀਟੀਆਈ