ਔਰੰਗਾਬਾਦ, 1 ਮਈ
ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਦੇ ਮੁਖੀ ਰਾਜ ਠਾਕਰੇ ਨੇ ਅੱਜ ਕਿਹਾ ਕਿ ਉਹ 3 ਮਈ ਤੱਕ ਮਸਜਿਦਾਂ ਤੋਂ ਲਾਊਡ ਸਪੀਕਰ ਲਾਹੁਣ ਦੀ ਆਖ਼ਰੀ ਸਮਾਂ ਸੀਮਾ ’ਤੇ ਦ੍ਰਿੜ ਹਨ। ਇੱਥੇ ਦੇਰ ਸ਼ਾਮ ਇੱਕ ਰੈਲੀ ਮੌਕੇ ਉਨ੍ਹਾਂ ਕਿਹਾ,‘ਮੈਂ 3 ਮਈ ਤੱਕ ਮਸਜਿਦਾਂ ਤੋਂ ਲਾਊਡ ਸਪੀਕਰ ਲਾਹੁਣ ਦੀ ਡੈੱਡਲਾਈਨ ਖ਼ਤਮ ਹੋਣ ਮਗਰੋਂ ਕਿਸੇ ਵੀ ਗੱਲ ਲਈ ਜ਼ਿੰਮੇਵਾਰ ਨਹੀਂ ਹੋਵਾਂਗਾ।’ ਉਨ੍ਹਾਂ ਕਿਹਾ ਕਿ 4 ਮਈ ਤੋਂ ਸਾਰੇ ਹਿੰਦੂਆਂ ਨੂੰ ਮਸਜਿਦਾਂ ਦੇ ਉਪਰ ਲੱਗੇ ਲਾਊਡਸਪੀਕਰਾਂ ’ਤੇ ਦੁੱਗਣੀ ਆਵਾਜ਼ ’ਚ ਹਨੂੰਮਾਨ ਚਾਲੀਸਾ ਵਜਾਉਣਾ ਚਾਹੀਦਾ ਹੈ। ਜੇਕਰ ਉਹ (ਮੁਸਲਮਾਨ) ਸ਼ਰਾਫਤ ਨਾਲ ਨਹੀਂ ਸਮਝਦੇ ਤਾਂ ਸਾਨੂੰ ਉਨ੍ਹਾਂ ਨੂੰ ਮਹਾਰਾਸ਼ਟਰ ਦੀ ਤਾਕਤ ਦਿਖਾਉਣੀ ਪਵੇਗੀ।’ ਉਨ੍ਹਾਂ ਕਿਹਾ ਕਿ ਲਾਊਡਸਪੀਕਰਾਂ ਦੀ ਆਵਾਜ਼ ਧਾਰਮਿਕ ਮਾਮਲਾ ਨਹੀਂ, ਇੱਕ ਸਮਾਜਿਕ ਮੁੱਦਾ ਹੈ। ਸਾਰੇ ਲਾਊਡਸਪੀਕਰ (ਮਸਜਿਦਾਂ ਦੇ ਉੱਪਰ) ਗੈਰਕਾਨੂੰਨੀ ਹਨ। ਉਨ੍ਹਾਂ ਕਿਹਾ ਕਿ ਜੇਕਰ ਯੂਪੀ ਸਰਕਾਰ ਸਾਰੇ ਲਾਊਡ ਸਪੀਕਰ ਉਤਾਰ ਸਕਦੀ ਹੈ ਤਾਂ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੂੰ ਕਿਹੜੀ ਗੱਲ ਰੋਕ ਰਹੀ ਹੈ? ਉਨ੍ਹਾਂ ਸ਼ਰਦ ਪਵਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਐੱਨਸੀਪੀ ਮੁਖੀ ਮਹਾਰਾਸ਼ਟਰ ’ਚ ਜਾਤ ਦੀ ਸਿਆਸਤ ਖੇਡ ਰਹੇ ਹਨ ਅਤੇ ਉਨ੍ਹਾਂ ਨੂੰ ‘ਹਿੰਦੂ’ ਸ਼ਬਦ ਤੋਂ ਐਲਰਜੀ ਹੈ। ਰਾਜ ਠਾਕਰੇ ਨੇ ਕਿਹਾ ਕਿ ਲਾਊਡਸਪੀਕਰ ਸਮਾਜਿਕ ਮੁੱਦਾ ਹੈ ਪਰ ਜੇਕਰ ਕਿਸੇ ਨੇ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਇਸੇ ਤਰੀਕੇ ਨਾਲ ਉਸ ਦਾ ਜਵਾਬ ਦੇਣਗੇ। -ਪੀਟੀਆਈ