ਜੈਪੁਰ, 1 ਮਾਰਚ
ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਆਵਾਰਾ ਕੁੱਤਿਆਂ ਨੇ ਬੱਚੇ ਨੂੰ ਉਸ ਦੀ ਸੁੱਤੀ ਮਾਂ ਕੋਲੋਂ ਚੁੱਕ ਕੇ ਨੋਚ ਖਾਧਾ। ਬੱਚੇ ਦੇ ਪਿਤਾ ਦਾ ਸਿਰੋਹੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਹੀਨੇ ਦਾ ਬੱਚਾ ਆਪਣੀ ਮਾਂ ਅਤੇ ਦੋ ਭੈਣਾਂ-ਭਰਾਵਾਂ ਨਾਲ ਆਪਣੇ ਪਿਤਾ ਦੇ ਬਿਸਤਰੇ ਦੇ ਕੋਲ ਫਰਸ਼ ‘ਤੇ ਸੌਂ ਰਿਹਾ ਸੀ, ਜਦੋਂ ਕੁੱਤੇ ਉਸ ਨੂੰ ਚੁੱਕ ਕੇ ਲੈ ਗਏ। ਬਾਅਦ ਵਿੱਚ ਵਾਰਡ ਦੇ ਬਾਹਰ ਪਾਣੀ ਦੀ ਟੈਂਕੀ ਕੋਲ ਉਸ ਦੀ ਨੋਚੀ ਹੋਈ ਲਾਸ਼ ਮਿਲੀ। ਹੈਰਾਨੀ ਦੀ ਗੱਲ ਹੈ ਕਿ ਸੀਸੀਟੀਵੀ ਕੈਮਰਿਆਂ ‘ਚ ਘਟਨਾ ਕੈਦ ਨਹੀਂ ਹੋਈ। ਇਸ ਘਟਨਾ ਦਾ ਖੁਲਾਸਾ ਸਿਰੋਹੀ ਦੇ ਵਿਧਾਇਕ ਸੰਯਮ ਲੋਢਾ ਨੇ ਬੀਤੇ ਦਿਨ ਰਾਜਸਥਾਨ ਵਿਧਾਨ ਸਭਾ ‘ਚ ਕੀਤਾ। ਘਟਨਾ ਸੋਮਵਾਰ ਰਾਤ ਦੀ ਹੈ। ਜ਼ਿਲ੍ਹਾ ਕੁਲੈਕਟਰ ਭੰਵਰ ਲਾਲ ਅਨੁਸਾਰ ਲਾਪ੍ਰਵਾਹੀ ਲਈ ਨਰਸਿੰਗ ਅਧਿਕਾਰੀ ਸੁਰੇਸ਼ ਮੀਨਾ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਗਾਰਡ ਭਵਾਨੀ ਸਿੰਘ ਅਤੇ ਵਾਰਡ ਬੁਆਏ ਉੱਜਵਲ ਦੇਵਾਸੀ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਕੁੱਤੇ ਹਸਪਤਾਲ ਦੇ ਵਾਰਡ ਵਿੱਚ ਕਿਵੇਂ ਦਾਖਲ ਹੋਏ, ਇਸ ਬਾਰੇ ਜਾਂਚ ਕੀਤੀ ਜਾਵੇਗੀ।