ਜੈਪੁਰ, 10 ਦਸੰਬਰ
ਰਾਜਸਥਾਨ ’ਚ ਭਾਜਪਾ ਦੇ ਨਵੇਂ ਚੁਣੇ ਕਈ ਵਿਧਾਇਕਾਂ ਨੇ ਅੱਜ ਸਿਵਲ ਲਾਈਨਜ਼ ’ਚ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਨਿਵਾਸ ਸਥਾਨ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਦੇ ਨਾਂ ਬਾਰੇ ਅਜੇ ਭੇਤ ਕਾਇਮ ਹੈ। ਸੂਤਰਾਂ ਅਨੁਸਾਰ ਵਿਧਾਇਕ ਅਜੇ ਸਿੰਘ, ਬਾਬੂ ਸਿੰਘ ਰਾਠੌਰ, ਅਰਜੁਨ ਲਾਲ ਗਰਗ, ਸੰਜੀਵ ਬੈਨੀਵਾਲ, ਕੇੈਲਾਸ਼ ਵਰਮਾ, ਬਹਾਦੁਰ ਸਿੰਘ ਕੋਲੀ, ਜਗਤ ਸਿੰਘ, ਸਾਬਕਾ ਵਿਧਾਇਕ ਅਤੇ ਸੂਬਾ ਪ੍ਰਧਾਨ ਅਸ਼ੋਕ ਪਰਨਾਮੀ, ਸਾਬਕਾ ਵਿਧਾਇਕ ਰਾਜਪਾਲ ਸਿੰਘ ਸ਼ੇਖਾਵਤ, ਪ੍ਰਹਿਲਾਦ ਗੁੰਜਲ ਰਾਜੇ ਦੇ ਨਿਵਾਸ ’ਤੇ ਪਹੁੰਚੇ। ਦੋ ਵਾਰ ਰਾਜਸਥਾਨ ਦੀ ਮੁੱਖ ਮੰਤਰੀ ਰਹੀ ਵਸੁੰਧਰਾ ਰਾਜੇ ਦਾ ਨਾਂ ਮੁੱਖ ਮੰਤਰੀ ਦੇ ਅਹੁਦੇ ਲਈ ਸਭ ਤੋਂ ਅੱਗੇ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਅਤੇ ਮੰਗਲਵਾਰ ਨੂੰ ਕਈ ਵਿਧਾਇਕ ਰਾਜੇ ਨੂੰ ਮਿਲੇ ਸਨ। ਇਸ ਮੀਟਿੰਗ ਨੂੰ ਸ਼ਕਤੀ ਪ੍ਰਦਰਸ਼ਨ ਦੇ ਤੌਰ ’ਤੇ ਵੀ ਦੇਖਿਆ ਗਿਆ। ਰਾਜੇ ਨੇ ਹਾਲ ਹੀ ’ਚ ਦਿੱਲੀ ਦਾ ਦੌਰਾ ਕੀਤਾ ਸੀ ਜਿਥੇ ਉਨ੍ਹਾਂ ਭਾਜਪਾ ਪ੍ਰਧਾਨ ਜੇਪੀ ਨੱਢਾ ਨਾਲ ਵੀ ਮੁਲਾਕਾਤ ਕੀਤੀ ਸੀ। ਪਾਰਟੀ ਪਹਿਲਾਂ ਹੀ ਇਸ ਮਾਮਲੇ ਸਬੰਧੀ ਕੇਂਦਰੀ ਮੰਤਰੀ ਰਾਜਨਾਥ ਸਿੰਘ ਸਮੇਤ ਤਿੰਨ ਨਿਗਰਾਨ ਨਿਯੁਕਤ ਕਰ ਚੁੱਕੀ ਹੈ। 30 ਨਵੰਬਰ ਨੂੰ ਚੋਣ ਨਤੀਜਿਆਂ ’ਚ ਰਾਜ ’ਚ 200 ਮੈਂਬਰੀ ਵਿਧਾਨ ਸਭਾ ’ਚ ਭਾਜਪਾ 115 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ ਜਦੋਂ ਕਿ ਕਾਂਗਰਸ ਨੇ 69 ਸੀਟਾਂ ਜਿੱਤੀਆਂ ਸਨ। ਇਸੇ ਦੌਰਾਨ ਕਰਨਪੁਰ ਵਿਧਾਨ ਸਭਾ ਹਲਕੇ ’ਚ ਕਾਂਗਰਸੀ ਉਮੀਦਵਾਰ ਦੀ ਮੌਤ ਤੋਂ ਬਾਅਦ ਚੋਣ ਮੁਲਤਵੀ ਕਰ ਦਿੱਤੀ ਗਈ ਸੀ ਜੋ ਹੁਣ 5 ਜਨਵਰੀ ਨੂੰ ਹੋਵੇਗੀ ਤੇ ਨਤੀਜਾ 8 ਜਨਵਰੀ ਨੂੰ ਐਲਾਨਿਆ ਜਾਵੇਗਾ।
ਇਸੇ ਦੌਰਾਨ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੁੱਖ ਮੰਤਰੀ ਦੀ ਚੋਣ ’ਚ ਹੋ ਰਹੀ ਦੇਰੀ ’ਤੇ ਭਾਜਪਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਚੋਣ ਨਤੀਜਿਆਂ ਦੇ ਸੱਤ ਦਿਨਾਂ ਬਾਅਦ ਵੀ ਮੁੱਖ ਮੰਤਰੀ ਦਾ ਐਲਾਨ ਨਹੀਂ ਕਰ ਸਕੀ। ਉਹ ਦਿੱਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਗਹਿਲੋਤ ਇਥੇ ਪਾਰਟੀ ਦੀ ਰਾਜਸਥਾਨ ਦੇ ਚੋਣ ਨਤੀਜਿਆਂ ਦੀ ਸਮੀਖਿਆ ਬਾਰੇ ਮੀਟਿੰਗ ’ਚ ਹਿੱਸਾ ਲੈਣ ਲਈ ਆਏ ਹਨ। ਗਹਿਲੋਤ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਅਸ਼ੋਕ ਗਹਿਲੋਤ ਦੀ ‘ਇੱਛਾ’ ਸੋਮਵਾਰ ਨੂੰ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੋਮਵਾਰ ਤਕ ਤਿੰਨੋਂ ਰਾਜਾਂ ਦੇ ਮੁੱਖ ਮੰਤਰੀਆਂ ਦਾ ਨਾਂ ਐਲਾਨ ਦਿੱਤਾ ਜਾਵੇਗਾ। ਅਨੁਰਾਗ ਠਾਕੁਰ ਨੇ ਕਿਹਾ, ‘‘ਅਸੀਂ ਸੋਮਵਾਰ ਨੂੰ ਅਸ਼ੋਕ ਗਹਿਲੋਤ ਦੀ ‘ਇੱਛਾ’ ਪੂਰੀ ਕਰਾਂਗੇ। ਰਾਜਸਥਾਨ ਨੇ ਪਿਛਲੇ ਪੰਜ ਸਾਲਾਂ ਦੇ ਸ਼ਾਸਨ ਵਿੱਚ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਦੇਖਿਆ ਹੈ। ਉਨ੍ਹਾਂ ਨੂੰ ਹੁਣ ਸ਼ਾਂਤੀ ਨਾਲ ਬੈਠਣਾ ਚਾਹੀਦਾ ਹੈ।’’ ਕਾਂਗਰਸ ਪਾਰਟੀ ’ਤੇ ਹੋਰ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਉਪਰੋਂ ਹੁਕਮ ਨਹੀਂ ਦਿੰਦੀ, ਸਗੋਂ ਸਾਡੇ ਕੋਲ ਮਜ਼ਬੂਤ ਲੋਕਤੰਤਰੀ ਪ੍ਰਣਾਲੀ ਹੈ ਜਿੱਥੇ ਸਾਰੇ ਵਿਧਾਇਕ ਇਕੱਠੇ ਬੈਠ ਕੇ ਨੇਤਾ ਦਾ ਫੈਸਲਾ ਕਰਦੇ ਹਨ।