ਸ੍ਰੀਨਗਰ, 2 ਜੂਨ
ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨੇ ਅੱਜ ਰਾਜਸਥਾਨ ਨਾਲ ਸਬੰਧਤ ਬੈਂਕ ਮੁਲਾਜ਼ਮ ਦੀ ਬੈਂਕ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੌਰਾਨ ਦਹਿਸ਼ਤਗਰਦਾਂ ਨੇ ਵੀਰਵਾਰ ਰਾਤ ਨੂੰ ਬਡਗਾਮ ਜ਼ਿਲ੍ਹੇ ਦੇ ਚਡੂਰਾ ਖੇਤਰ ਵਿੱਚ ਮਗਰੇਪੋਰਾ ਦੇ ਇੱਟ ਭੱਠੇ ’ਤੇ ਦੋ ਪਰਵਾਸੀ ਮਜ਼ਦੂਰਾਂ ਨੂੰ ਵੀ ਗੋਲੀ ਮਾਰ ਦਿੱਤੀ, ਜਿਸ ਵਿੱਚੋਂ ਇੱਕ ਦੀ ਮੌਤ ਹੋ ਗਈ। ਮਾਰੇ ਗਏ ਮਜ਼ਦੂਰ ਦੀ ਪਛਾਣ ਦਿਲਕੁਸ਼ ਕੁਮਾਰ(17) ਵਾਸੀ ਅਰਨੀਆ (ਬਿਹਾਰ) ਤੇ ਜ਼ਖ਼ਮੀ ਦੀ ਗੁਰੀ ਵਜੋਂ ਦੱਸੀ ਗਈ ਹੈ। ਪੁਲੀਸ ਨੇ ਇਲਾਕੇ ਨੂੰ ਘੇਰਾ ਪਾ ਕੇ ਦਹਿਸ਼ਤਗਰਦਾਂ ਦੀ ਭਾਲ ਆਰੰਭ ਦਿੱਤੀ ਹੈ।
ਇਸ ਤੋਂ ਪਹਿਲਾਂ ਕੁਲਗਾਮ ਜ਼ਿਲੇ ‘ਚ ਅਤਿਵਾਦੀਆਂ ਨੇ ਰਾਜਸਥਾਨ ਦੇ ਬੈਂਕ ਮੈਨੇਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਦੇਹਤੀ ਬੈਂਕ ਦੇ ਮੈਨੇਜਰ ਵਿਜੈ ਕੁਮਾਰ ਨੂੰ ਬੈਂਕ ਕੰਪਲੈਕਸ ਦੇ ਅੰਦਰ ਹੀ ਗੋਲੀ ਮਾਰ ਦਿੱਤੀ ਗਈ। ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। 1 ਮਈ ਤੋਂ ਬਾਅਦ ਇਹ ਤੀਜੀ ਵਾਰ ਹੈ, ਜਦੋਂ ਘਾਟੀ ਵਿੱਚ ਕਿਸੇ ਗੈਰ-ਮੁਸਲਿਮ ਸਰਕਾਰੀ ਕਰਮਚਾਰੀ ਦੀ ਹੱਤਿਆ ਕੀਤੀ ਗਈ ਹੈ। ਇਸ ਦੇ ਨਾਲ ਹੀ ਪਿਛਲੇ ਇੱਕ ਮਹੀਨੇ ਵਿੱਚ ਟਾਰਗੇਟ ਕਤਲ ਦਾ ਇਹ ਅੱਠਵਾਂ ਮਾਮਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਜੇ ਕੁਮਾਰ ਦੱਖਣੀ ਕਸ਼ਮੀਰ ਜ਼ਿਲੇ ‘ਚ ਇਲਾਕਾਈ ਦੇਹਾਤੀ ਬੈਂਕ ਦੀ ਅਰੇਹ ਮੋਹਨਪੋਰਾ ਸ਼ਾਖਾ ਦਾ ਮੈਨੇਜਰ ਸੀ। ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਨੈਸ਼ਨਲ ਕਾਨਫਰੰਸ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਕਈ ਸਿਆਸੀ ਪਾਰਟੀਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਵਿਜੈ ਕੁਮਾਰ ਨੇ ਹਫ਼ਤਾ ਪਹਿਲਾਂ ਕੁਲਗਾਮ ਸ਼ਾਖਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ।
ਏਲਨਾਬਾਦ(ਜਗਤਾਰ ਸਮਾਲਸਰ): ਬੈਂਕ ਮੈਨੇਜਰ ਵਿਜੈ ਕੁਮਾਰ ਬੈਨੀਵਾਲ (26 ) ਏਲਨਾਬਾਦ ਦੇ ਨਾਲ ਲੱਗਦੇ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਨੌਹਰ ਤਹਿਸੀਲ ਦੇ ਪਿੰਡ ਭਗਵਾਨ ਦਾ ਨਿਵਾਸੀ ਸੀ। ਵਿਜੈ ਕੁਮਾਰ ਕੁਲਗਾਮ ਜ਼ਿਲ੍ਹੇ ਦੇ ਈਡੀਬੀ ਵਿੱਚ ਮੈਨੇਜ਼ਰ ਸੀ। ਉਸ ਦੀ ਮੌਤ ਦੀ ਖ਼ਬਰ ਪਿੰਡ ਭਗਵਾਨ ਵਿਖੇ ਪਹੁੰਚਦਿਆਂ ਹੀ ਸੰਨਾਟਾ ਛਾਅ ਗਿਆ। ਵਿਜੈ ਕੁਮਾਰ ਬੈਨੀਵਾਲ ਨੇ ਪੀ.ਓ ਦੇ ਅਹੁਦੇ ਤੋਂ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਆਪਣੀ ਕਾਬਲੀਅਤ ਦੇ ਜ਼ੋਰ ’ਤੇ ਹੀ ਉਹ ਹੁਣ ਬੈਂਕ ਮੈਨੇਜਰ ਦੇ ਅਹੁਦੇ ਤੱਕ ਪਹੁੰਚਿਆ ਸੀ। ਦੋ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਸ ਦੇ ਪਿਤਾ ਨੌਹਰ ਤਹਿਸੀਲ ਦੇ ਪਿੰਡ ਬਿਰਕਾਲੀ ਦੇ ਸਰਕਾਰੀ ਸਕੂਲ ਵਿੱਚ ਗਣਿਤ ਅਧਿਆਪਕ ਹਨ।