ਜੈਪੁਰ, 13 ਨਵੰਬਰ
ਰਾਜਸਥਾਨ ਦਿਓਲੀ-ਉਨੀਆਰਾ ਵਿਧਾਨ ਸਭਾ ਹਲਕੇ ਦੀ ਬੁੱਧਵਾਰ ਨੂੰ ਜ਼ਿਮਨੀ ਚੋਣ ਦੌਰਾਨ ਇੱਕ ਆਜ਼ਾਦ ਉਮੀਦਵਾਰ ਨੇ ਇਲਾਕਾ ਮੈਜਿਸਟਰੇਟ ਵਜੋਂ ਚੋਣ ਡਿਊਟੀ ਵਿੱਚ ਲੱਗੇ ਹੋਏ ਇਕ ਉਪ ਮੰਡਲ ਮੈਜਿਸਟਰੇਟ (SDM) ਨੂੰ ਕਥਿਤ ਤੌਰ ‘ਤੇ ਥੱਪੜ ਮਾਰ ਦਿੱਤਾ। ਗ਼ੌਰਤਲਬ ਹੈ ਕਿ ਬੁੱਧਵਾਰ ਨੂੰ ਰਾਜਸਥਾਨ ਦੀਆਂ ਸੱਤ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਕਾਂਗਰਸ ਦੇ ਬਾਗ਼ੀ ਨਰੇਸ਼ ਮੀਣਾ ਨੇ ਕਥਿਤ ਤੌਰ ‘ਤੇ ਮਾਲਪੁਰਾ ਦੇ ਐੱਸਡੀਐੱਮ ਅਮਿਤ ਚੌਧਰੀ ਨੂੰ ਗਿਰੇਬਾਨ ਤੋਂ ਫੜ ਕੇ ਥੱਪੜ ਮਾਰ ਦਿੱਤਾ। ਜ਼ਿਲ੍ਹਾ ਚੋਣ ਅਧਿਕਾਰੀ ਅਤੇ ਟੋਂਕ ਦੀ ਜ਼ਿਲ੍ਹਾ ਕੁਲੈਕਟਰ ਸੌਮਿਆ ਝਾਅ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਸਮਰਾਤਾ ਪਿੰਡ ਦੇ ਵਸਨੀਕਾਂ ਨੇ ਉਪ ਚੋਣ ਦੇ ਬਾਈਕਾਟ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ, ‘‘ਇਹ ਪਿੰਡ ਇਸ ਵੇਲੇ ਨਗਰ ਫੋਰਟ ਤਹਿਸੀਲ ਦੇ ਅਧੀਨ ਆਉਂਦਾ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਨੂੰ ਉਨੀਆਰਾ ਤਹਿਸੀਲ ਦੇ ਅਧੀਨ ਲਿਆਂਦਾ ਜਾਵੇ, ਜਿਹੜੀ ਉਨ੍ਹਾਂ ਨੂੰ ਨਗਰ ਫੋਰਟ ਨਾਲੋਂ ਨੇੜੇ ਪੈਂਦੀ ਹੈ।”
ਆਜ਼ਾਦ ਉਮੀਦਵਾਰ ਨਰੇਸ਼ ਮੀਣਾ ਵੋਟਾਂ ਦਾ ਬਾਈਕਾਟ ਕਰਨ ਵਾਲੇ ਪਿੰਡ ਵਾਸੀਆਂ ਦੀ ਹਮਾਇਤ ਕਰ ਰਿਹਾ ਸੀ। ਇਸ ਦੌਰਾਨ ਜਦੋਂ ਜ਼ਿਮਨੀ ਚੋਣ ਲਈ ਇਲਾਕਾ ਮੈਜਿਸਟਰੇਟ ਚੌਧਰੀ ਜਦੋਂ ਲੋਕਾਂ ਨੂੰ ਵੋਟਾਂ ਪਾਉਣ ਲਈ ਮਨਾਉਣ ਵਾਸਤੇ ਪਿੰਡ ਗਏ ਤਾਂ ਮੀਣਾ ਉਨ੍ਹਾਂ ਨਾਲ ਝਗੜ ਪਿਆ ਅਤੇ ਉਸ ਨੇ ਅਚਾਨਕ ਐੱਸਡੀਐੱਮ ਨੂੰ ਚੁਪੇੜ ਮਾਰ ਦਿੱਤੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
ਪਿੰਡ ਵਾਸੀਆਂ ਦੀ ਮੰਗ ਬਾਰੇ ਸੌਮਿਆ ਝਾਅ ਨੇ ਕਿਹਾ ਕਿ ਇਹ ਮਾਮਲਾ ਕੁਝ ਦਿਨ ਪਹਿਲਾਂ ਹੀ ਉਠਾਇਆ ਗਿਆ ਸੀ ਅਤੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਇਹੋ ਕਿਹਾ ਹੈ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਮਾਮਲਾ ਸੁਲਝਾ ਲਿਆ ਜਾਵੇਗਾ।
ਇਸ ਦੌਰਾਨ ਇਸ ਮਾਮਲੇ ਵਿਚ ਪੁਲੀਸ ਵੱਲੋਂ ਮੀਣਾ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪਿੰਡ ਵਾਸੀ ਅੰਦੋਲਨ ਕਰਦੇ ਹੋਏ ਕਥਿਤ ਤੌਰ ’ਤੇ ਹਿੰਸਾ ਉਤੇ ਉਤਾਰੂ ਹੋ ਗਏ। ਇਸ ਉਤੇ ਪੁਲੀਸ ਨੂੰ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰਨ ਲਈ ਲਾਠੀਚਾਰਜ ਵੀ ਕਰਨਾ ਪਿਆ। ਖ਼ਬਰ ਲਿਖੇ ਜਾਣ ਤੱਕ ਪਿੰਡ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਸੀ। -ਪੀਟੀਆਈ