ਅਦਿਤੀ ਟੰਡਨ
ਨਵੀਂ ਦਿੱਲੀ, 26 ਸਤੰਬਰ
ਰਾਜਸਥਾਨ ਵਿੱਚ ਕਾਂਗਰਸ ਦੇ 92 ਵਿਧਾਇਕਾਂ ਦੇ ਅਸ਼ੋਕ ਗਹਿਲੋਤ ਦੇ ਸਮਰਥਨ ਵਿੱਚ ਅਸਤੀਫ਼ਾ ਦੇਣ ਦੀ ਪੇਸ਼ਕਸ਼ ਦੇ ਨਾਲ ਕਾਂਗਰਸ ਦੇ ਸੰਕਟ ਨੂੰ ਦੇਖਦੇ ਹੋਏ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਨਿਗਰਾਨ ਅਜੈ ਮਾਕਨ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਗਹਿਲੋਤ ਦੇ ਵਫ਼ਾਦਾਰ ਚਾਹੁੰਦੇ ਹਨ ਕਿ ਰਾਜ ਸਰਕਾਰ ਦੀ ਲੀਡਰਸ਼ਿਪ ਬਾਰੇ ਫੈਸਲਾ 19 ਅਕਤੂਬਰ ਤੱਕ ਮੁਲਤਵੀ ਕੀਤਾ ਜਾਵੇ। 19 ਅਕਤੂਬਰ ਨੂੰ ਪਾਰਟੀ ਦੇ ਨਵੇਂ ਪ੍ਰਧਾਨ ਲਈ ਚੋਣ ਦਾ ਨਤੀਜਾ ਆਉਣਾ ਹੈ। ਗਹਿਲੋਤ ਵੱਲੋਂ ਕਿਸੇ ਵੀ ਦਿਨ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਦੀ ਉਮੀਦ ਹੈ। ਅਜੈ ਮਾਕਨ ਨੂੰ ਐਤਵਾਰ ਨੂੰ ਜੈਪੁਰ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਲਈ ਭੇਜਿਆ ਗਿਆ ਸੀ ਪਰ ਜ਼ਿਆਦਾਤਰ ਵਿਧਾਇਕਾਂ ਵੱਲੋਂ ਇਸ ਤੋਂ ਦੂਰ ਰਹਿਣ ਕਾਰਨ ਮੀਟਿੰਗ ਰੱਦ ਕਰਨੀ ਪਈ। ਉਨ੍ਹਾਂ ਅੱਜ ਕਿਹਾ ਕਿ ਇਸ ਦੇ ਬਰਾਬਰ ਵਿਧਾਇਕ ਦੀ ਮੀਟਿੰਗ (ਜਿਹੜੀ ਐਤਵਾਰ ਨੂੰ ਰਾਜ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਦੀ ਰਿਹਾਇਸ਼ ’ਤੇ ਬੁਲਾਈ ਗਈ ਸੀ) ਅਨੁਸ਼ਾਸਨਹੀਣਤਾ ਦਾ ਮਾਮਲਾ ਸੀ। ਮਾਕਨ ਨੇ ਇਹ ਵੀ ਕਿਹਾ ਕਿ ਗਹਿਲੋਤ ਦੇ ਵਫਾਦਾਰਾਂ ਵੱਲੋਂ ਤਿੰਨ ਵਿਧਾਇਕਾਂ ਨੇ ਉਨ੍ਹਾਂ ਅਤੇ ਇਕ ਹੋਰ ਅਬਜ਼ਰਵਰ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ ਅਤੇ ਰਾਜ ਸਰਕਾਰ ਨੂੰ ਦਰਪੇਸ਼ ਸੰਕਟ ਦੇ ਹੱਲ ਲਈ ਤਿੰਨ ਸ਼ਰਤਾਂ ਰੱਖੀਆਂ ਹਨ।